ਵਾਵਰੋਲੇ ਵੱਲੋਂ ਮਚਾਈ ਗਈ ਭਾਰੀ ਤਬਾਹੀ

ਮੋਗਾ– ਕਸਬਾ ਫਤਿਹਗੜ੍ਹ ਪੰਜਤੂਰ ਤੇ ਇਸ ਦੇ ਨਾਲ ਲੱਗਦੇ ਪਿੰਡਾਂ ‘ਚ ਬੀਤੀ ਸ਼ਾਮ ਵਾਵਰੋਲੇ ਵੱਲੋਂ ਮਚਾਈ ਗਈ ਭਾਰੀ ਤਬਾਹੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਆਏ ਇਕ ਵੱਡੇ ਵਾਵਰੋਲੇ ਕਾਰਨ ਕਸਬੇ ‘ਚ ਇਕਦਮ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਹਰ ਪਾਸੇ ਚੀਕ-ਚਿਹਾੜਾ ਪੈ ਗਿਆ। ਕਸਬੇ ਦੇ ਘਰਾਂ ਦੀਆਂ ਕਈ ਕੰਧਾਂ ਡਿਗ ਪਈਆਂ ਤੇ ਗੇਟ ਆਦਿ ਉੱਖੜ ਗਏ।
ਕੰਧ ਡਿਗਣ ਕਾਰਨ ਇਕ ਸਵਿਫਟ ਕਾਰ, ਜੋ ਕਿ ਰੋਡ ‘ਤੇ ਖੜ੍ਹੀ ਸੀ, ਦਾ ਵੀ ਕਾਫੀ ਨੁਕਸਾਨ ਹੋਇਆ, ਇਸੇ ਤਰ੍ਹਾਂ ਜੋਗੇਵਾਲਾ ਰੋਡ ‘ਤੇ ਸਥਿਤ ਲਲਿਹਾਂਦੀ ਪੈਟਰੋਲ ਪੰਪ ਦੇ ਸ਼ੈੱਡ ਦੀ ਅੱਧੀ ਛੱਤ ਟੁੱਟ ਕੇ ਉੱਡ ਗਈ। ਵਾਵਰੋਲੇ ਦਾ ਕਹਿਰ ਇੰਨਾ ਸੀ ਕਿ ਜੋਗੇਵਾਲਾ ਰੋਡ ‘ਤੇ ਵੱਡੀ ਗਿਣਤੀ ‘ਚ ਦਰੱਖਤ ਜੜ੍ਹੋਂ ਹੀ ਪੁੱਟੇ ਗਏ ਤੇ ਨਾਲ ਲੱਗਦੀਆਂ ਪੈਲੀਆਂ ‘ਚ ਡਿਗ ਪਏ, ਜੇਕਰ ਇਹ ਦਰੱਖਤ ਸੜਕ ‘ਤੇ ਡਿਗਦੇ ਤਾਂ ਜਾਨੀ-ਮਾਲੀ ਨੁਕਸਾਨ ਹੋਣ ਦਾ ਵੀ ਡਰ ਸੀ। ਕਸਬੇ ਦੇ ਨਾਲ ਲੱਗਦੇ ਪਿੰਡ ਬਹਾਦਰ ਵਾਲਾ ਦੇ ਵਾਸੀ ਨਿਸ਼ਾਨ ਸਿੰਘ ਅਤੇ ਸੱਜਣ ਸਿੰਘ ਦੀ ਨਵੀਂ ਬਣ ਰਹੀ ਮਕਾਨ ਦੀ ਇਮਾਰਤ ਇਸ ਵਾਵਰੋਲੇ ਕਾਰਨ ਨੁਕਸਾਨੀ ਗਈ।