ਅਸਲ ਦੋਸ਼ੀਆਂ ਨੂੰ ਛੱਡ ਕੇ ਡਰਾਈਵਰ ਨੂੰ ਬਣਾਇਆ ਨਸ਼ਾ ਸਮੱਗਲਰ

ਲੁਧਿਆਣਾ– ਸ਼ਰਾਬ ਸਮੱਗਲਿੰਗ ਦੇ ਝੂਠੇ ਕੇਸ ‘ਚ ਫਸਾਉਣ ਦੇ ਦੋਸ਼ ਵਿਚ ਡੇਰਾ ਬੱਸੀ ਜ਼ਿਲਾ ਮੋਹਾਲੀ ਦੇ ਰਹਿਣ ਵਾਲੇ ਨਿਵਾਸੀ ਪਰਮਜੀਤ ਸਿੰਘ ਨੇ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਵਿਰੁੱਧ ਆਈ. ਜੀ. ਡਾਇਰੈਕਟਰ ਐਂਟੀ ਨਾਰਕੋਟਿਕਸ ਪੰਜਾਬ ਅਤੇ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਨਿਆਂ ਦੀ ਮੰਗ ਕੀਤੀ ਹੈ। ਪੀੜਤ ਨੇ ਸ਼ਿਕਾਇਤ ‘ਚ ਦੱਸਿਆ ਕਿ ਲੁਧਿਆਣਾ ਦੇ ਜਨਤਾ ਨਗਰ ਨਿਵਾਸੀ ਉਸ ਦਾ ਰਿਸ਼ਤੇਦਾਰ ਗਗਨਦੀਪ ਸਿੰਘ ਉਰਫ ਗਗਨ ਅਤੇ ਉਸ ਦਾ ਚਾਚਾ ਜਸਬੀਰ ਸਿੰਘ ਸਿਟੀ ਨੇ ਉਸ ਨੂੰ ਫੋਨ ਕਰ ਕੇ ਇਹ ਕਿਹਾ ਕਿ 25 ਪੇਟੀਆਂ ਸ਼ਰਾਬ ਲੁਧਿਆਣਾ ਲੈ ਕੇ ਆਉਣੀ ਹੈ, ਜਿਸ ਦਾ ਪਰਮਿਟ ਅਤੇ ਬਿੱਲ ਉਸ ਦੇ ਕੋਲ ਹੈ।

ਉਹ ਆਪਣੇ ਰਿਸ਼ਤੇਦਾਰ ਦੇ ਕਹਿਣ ‘ਤੇ ਆਪਣੀ ਗੱਡੀ ਖੰਨਾ ਦੇ ਬੱਸ ਅੱਡੇ ‘ਤੇ ਲੈ ਗਿਆ, ਜਿੱਥੇ ਪਹਿਲਾਂ ਤੋਂ ਮੌਜੂਦ ਗਗਨ ਨੇ ਪਿੰਡ ਖੇੜੀ ਤੋਂ 25 ਪੇਟੀਆਂ ਸ਼ਰਾਬ ਮੇਰੀ ਗੱਡੀ ਵਿਚ ਲੋਡ ਕਰਵਾ ਦਿੱਤੀਆਂ ਅਤੇ ਮੇਰੇ ਨਾਲ ਹੀ ਲੁਧਿਆਣਾ ਲਈ ਚੱਲ ਪਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਦੇ ਜਨਤਾ ਨਗਰ ਇੱਟਾਂ ਵਾਲੇ ਚੌਕ ਪੁੱਜੇ ਤਾਂ ਉਸ ਤੋਂ ਗਗਨਦੀਪ ਸਿੰਘ ਨੇ ਉਸ ਦੀ ਗੱਡੀ ਲੈ ਲਈ ਅਤੇ ਉਸ ਨੂੰ ਚੌਕ ਵਿਚ ਉਤਾਰ ਕੇ ਸ਼ਰਾਬ ਦੀ ਡਲਿਵਰੀ ਦੇਣ ਚਲਾ ਗਿਆ ਤਾਂ ਕਿ ਉਸ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਸ਼ਰਾਬ ਕਿਸ ਜਗ੍ਹਾ ਡਲਿਵਰ ਕਰਨੀ ਹੈ।

ਕੁੱਝ ਸਮੇਂ ਬਾਅਦ ਗਗਨਦੀਪ ਉਸ ਨੂੰ ਖਾਲੀ ਗੱਡੀ ਦੇ ਕੇ ਚਲਾ ਗਿਆ, ਜਦੋਂ ਉਹ ਖਾਲੀ ਗੱਡੀ ਲੈ ਕੇ ਵਾਪਸ ਜਾਣ ਲੱਗਾ ਤਾਂ ਇੱਟਾਂ ਵਾਲੇ ਚੌਕ ‘ਤੇ ਤਰਸੇਮ ਸਿੰਘ ਨਾਮੀ ਵਿਅਕਤੀ ਨੇ ਮੇਰਾ ਰਸਤਾ ਰੋਕ ਕੇ ਮੇਰੇ ਨਾਲ ਗਾਲੀ-ਗਲੋਚ ਕਰ ਕੇ ਕੁੱਟ-ਮਾਰ ਕੀਤੀ ਅਤੇ ਉੱਪਰੋਂ ਆਪਣੇ ਆਪ ਨੂੰ ਐਂਟੀ ਨਾਰਕੋਟਿਕ ਸੈੱਲ ਦਾ ਅਧਿਕਾਰੀ ਦੱਸਿਆ ਅਤੇ ਮੇਰੀ ਜੇਬ ‘ਚੋਂ ਜ਼ਬਰਦਸਤੀ 5500 ਰੁਪਏ ਕੱਢ ਲਏ ਅਤੇ ਮੇਰੀ ਦਾੜ੍ਹੀ ਤੱਕ ਨੋਚ ਦਿੱਤੀ। ਪੀੜਤ ਪਰਮਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਛੱਡਣ ਬਦਲੇ ਪੁਲਸ ਨੇ ਕਥਿਤ ਤੌਰ ‘ਤੇ 20 ਹਜ਼ਾਰ ਰੁਪਏ ਦੀ ਮੰਗ ਕੀਤੀ।

ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਵਿਰੁੱਧ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਚੰਡੀਗੜ੍ਹ ਅਤੇ ਪੰਜਾਬ ਦੀਆਂ 11 ਪੇਟੀਆਂ ਸ਼ਰਾਬ ਦਾ ਝੂਠਾ ਕੇਸ ਦਰਜ ਕਰ ਕੇ ਸ਼ਰਾਬ ਸਮੱਗਲਰ ਬਣਾ ਦਿੱਤਾ ਹੈ। ਪਰਮਜੀਤ ਸਿੰਘ ਨੇ ਨਿਆਂ ਦੀ ਇਕ ਆਸ ਲੈ ਕੇ ਆਈ. ਜੀ., ਡਾਇਰੈਕਟਰ ਨਾਰਕੋਟਿਕਸ ਸੈੱਲ ਅਤੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਲਿਖਤੀ ਤੌਰ ‘ਤੇ ਦਿੱਤੀ ਸ਼ਿਕਾਇਤ ਅਤੇ ਹਲਫੀਆ ਬਿਆਨ ਵਿਚ ਆਪਣੇ ਨਾਲ ਹੋਈ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ ਕਿ ਕਿਵੇਂ ਇਕ ਗਰੀਬ ਵਿਅਕਤੀ ‘ਤੇ ਚੰਡੀਗੜ੍ਹ ਦੀ ਸ਼ਰਾਬ ਪਾ ਕੇ ਝੂਠਾ ਕੇਸ ਦਰਜ ਕਰ ਕੇ ਉਸ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ ਹੈ। ਉਸ ਨੇ ਮੰਗ ਕੀਤੀ ਕਿ ਉਕਤ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਕੇ ਮੈਨੂੰ ਇਨਸਾਫ ਦੁਆਇਆ ਜਾਵੇ।