ਸ਼ਿਵ ਸੈਨਾ ਬਾਲ ਠਾਕਰੇ ਫਿਰੋਜ਼ਪੁਰ ਵਲੋਂ ਵੈਲੇਨਟਾਇਨ ਡੇ ਦਾ ਵਿਰੋਧ ਕੀਤਾ ਗਿਆ

ਫਿਰੋਜ਼ਪੁਰ 12 ਜਨਵਰੀ(ਅਸ਼ੋਕ ਭਾਰਦਵਾਜ): ਸ਼ਿਵ ਸੈਨਾ ਬਾਲ ਠਾਕਰੇ ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਮਿੰਕੂ ਚੌਧਰੀ ਦੀ ਮੌਜੂਦਗੀ ਵਿੱਚ  ਵੈਲੇਨਟਾਇਨ ਦਿਵਸ ਦੇ ਕਾਰਡਾਂ ਨੂੰ ਅੱਗ ਵਿੱਚ ਜਲਾਉਣ ਮੋਕੇ ਅਪੀਲ ਕੀਤੀ ਕਿ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦੁਨੀਆਂ ਵਿੱਚ ਸਭ ਤੋਂ ਉਤਮ ਹੈ ਅਤੇ ਦੁਨੀਆਂ ਭਰ ਦੇ ਲੋਕ ਭਾਰਤੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹਨ,ਪਰ ਇਸ ਦੇ ਉਲਟ ਸਾਡੇ ਦੇਸ਼ ਦੀ ਨੋਜਵਾਨ ਪੀੜੀ ਆਪਣੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਤਿਆਗ ਕਰਕੇ ਪੱਛਮੀ ਮੁਲਕਾਂ ਦੇ ਚਮਕ ਦਮਕ ਭਰੇ ਕਲਚਰ ਮਗਰ ਦੋੜ ਰਹੀ ਹੈ ਜੋ ਕਿ ਬੇਹੱਦ ਦੁੱਖ ਦਾਈ ਹੈ ਤੇ ਸਾਡੇ ਦੇਸ਼ ਦੇ ਨੋਜਵਾਨ ਪੱਛਮੀ ਦਿਹਾੜੇ ਮਨਾ ਕੇ ਭਾਰਤੀ ਸੰਸਕ੍ਰਿਤੀ ਦਾ ਨੁਕਸਾਨ ਕਰ ਰਹੇ ਹਨ। ਨੌਜਵਾਨਾਂ ਨੂੰ ਪੱਛਮੀ ਰੰਗ ਚੋਂ ਕੱਢਣ ਲਈ ਸਕੂਲ ਕਾਲਜ ਅਹਿਮ ਭੂਮਿਕਾ ਨਿਭਾ ਸਕਦੇ ਹਨ। ਜੋ ਭਾਰਤੀ ਸੰਸਕ੍ਰਿਤੀ ਦੇ ਵਿਸ਼ਿਆਂ ਨੂੰ ਦਿਲਚਸਪ ਢੰਗ ਨਾਲ ਨੌਜਵਾਨਾਂ ਦੇ ਮਨਮੁੱਖ ਪੇਸ਼ ਕਰਕੇ ਉਹਨਾਂ ਦਾ ਧਿਆਨ ਪੱਛਮੀ ਸੱਭਿਅਤਾ ਤੋਂ ਹਟਾਉਣ ਲਈ ਲਾਭਦਾਇਕ ਸਿੱਧ ਹੋ ਸਕਦੇ ਹਨ। ਭਾਰਤੀ ਸੱਭਿਅਤਾ ਤੇ ਸੰਸਕ੍ਰਿਤੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਗਤੀਵਿਧੀ ਤੇ ਪੱਛਮੀ ਤਿਉਹਾਰਾਂ ਦਾ ਸ਼ਿਵ ਸੈਨਾ ਪਾਰਟੀ ਵਿਰੋਧ ਕਰਦੀ ਹੈ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਪੱਛਮੀ ਤਿਉਹਾਰਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਆਪਣੇ ਤਿਉਹਾਰਾਂ ਵਿੱਚੋਂ ਹੀ ਆਨੰਦ ਪ੍ਰਾਪਤ ਕਰਨ। ਤੁਹਾਨੂੰ ਦੱਸ ਦਈਏ ਕਿ ਵੈਲੇਨਟਾਇਨ ਦਿਵਸ ਵਾਲੇ ਦਿਨ ਆਪਣੇ ਦੇਸ਼ ਦੇ ਮਹਾਨ ਸੂਰਬੀਰਾਂ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਲਈ ਅੰਗਰੇਜਾਂ ਦੇ ਇਸ ਤਿਉਹਾਰ ਨੂੰ ਛੱਡ ਕੇ ਇਹਨਾਂ ਸੂਰਬੀਰਾਂ ਨੂੰ ਯਾਦ ਕਰੀਏ ਤਾਂ ਕਿ ਇਹਨਾਂ ਦੀ ਬਹਾਦਰੀ ਨੂੰ ਕੋਈ ਭੁੱਲ ਨਾ ਜਾਵੇ।