ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਰਾਣਾ ਰਣਬੀਰ ਨੇ ਵਿਦਿਆਰਥੀਆਂ ਨੂੰ ਦਿੱਤਾ ਵਿਸ਼ੇਸ਼ ਲੈਕਚਰ “ਜ਼ਿੰਦਗੀ ਜ਼ਿੰਦਾਬਾਦ“

ਧੂਰੀ,05 ਜਨਵਰੀ (ਮਹੇਸ਼ ਜਿੰਦਲ): ਯੂਨੀਵਰਸਿਟੀ ਕਾਲਜ ਬੇਨੜਾ-ਧੂਰੀ ਦੇ ਵਿਹੜੇ ਧੂਰੀ ਦੇ ਜੰਮਪਲ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਰ ਹਸਤਾਖਰ ਸ੍ਰੀ ਰਾਣਾ ਰਣਬੀਰ ਜੀ ਨੇ ਵਿਦਿਆਰਥੀਆਂ ਨੂੰ “ਜ਼ਿੰਦਗੀ ਜ਼ਿੰਦਾਬਾਦ“ ਵਿਸ਼ੇਸ਼ ਲੈਕਚਰ ਦਿੱਤਾ । ਆਪਣੀ ਵਿੱਲਖਣ ਸ਼ੈਲੀ ਵਿਚ ਦਿੱਤੇ ਅਸਰ-ਅੰਦਾਜ਼ ਭਾਸ਼ਣ ਰਾਹੀਂ ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਦਾ ਜ਼ਿੰਦਗੀ ਵਿਚ ਮਹੱਤਵ ਸਮਝਾਇਆ ਅਤੇ ਕਿਤਾਬਾਂ ਨਾਲ ਮਿੱਤਰਤਾ ਪਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਵਾਨੀ ਦੀ ਉਮਰ ਸਭ ‘ਤੋਂ ਵੱਧ ਉਪਜਾਊ ਹੁੰਦੀ ਹੈ ਅਤੇ ਇਸ ਮੌਕੇ ਆਪਣੀ ਐਨਰਜੀ ਨੂੰ ਸਹੀ ਦਿਸ਼ਾ ਵੱਲ ਵਰਤਣਾ ਹੀ ਕਾਮਯਾਬ ਜ਼ਿੰਦਗੀ ਦਾ ਗੁਰੂ-ਮੰਤਰ ਹੈ। ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਉਹਨਾਂ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਬੁਲੰਦ ਰੱਖਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਹਨਾਂ ਦਾ ਸਵਾਗਤ ਕਰਦਿਆਂ ਕਾਲਜ ਪਿ੍ਰੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੀਆਂ ਸਖਸ਼ੀਅਤਾਂ ਦੇ ਰੂਬਰੂ ਹੋਣ ਨਾਲ ਵਿਦਿਆਰਥੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ, ਜੋਕਿ ਉਹਨਾਂ ਦੇ ਸਰਬ-ਪੱਖੀ ਵਿਕਾਸ ਵਿਚ ਸਹਾਈ ਹੁੰਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਪਹੁੰਚੇ ਐੱਮ.ਐੱਲ.ਏ. ਧੂਰੀ ਸ੍ਰ: ਦਲਵੀਰ ਸਿੰਘ ਗੋਲਡੀ ਨੇ ਰਾਣਾ ਰਣਬੀਰ ਜੀ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਹਨਾਂ ਦੀਆਂ ਪ੍ਰੇਰਨਾ-ਭਰਪੂਰ ਗੱਲਾਂ ਨਾਲ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਹਾਂ-ਪੱਖੀ ਤਬਦੀਲ਼ੀ ਆਵੇਗੀ ਜੋ ਚੰਗਾ ਸਮਾਜ ਸਿਰਜਣ ਵਿਚ ਸਹਾਈ ਹੋਵੇਗੀ। ਸਮਾਗਮ ਦੇ ਅੰਤ ‘ਤੇ ਕਾਲਜ ਵੱਲੋਂ ਸ੍ਰੀ ਰਾਣਾ ਰਣਬੀਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਲਜ ਦੇ ਬੀ.ਕਾਮ. ਭਾਗ ਪਹਿਲਾ ਦੇ ਵਿਦਿਆਰਥੀ ਪਿ੍ਰੰਸ ਵੱਲੋਂ ਆਪਣੇ ਹੱਥੀਂ ਤਿਆਰ ਕੀਤਾ ਗਿਆ ਸ੍ਰੀ ਰਾਣਾ ਰਣਬੀਰ ਦਾ ਸਕੈੱਚ ਵੀ ਉਹਨਾਂ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਪਹੁੰਚੀਆਂ ਪਤਵੰਤੀਆਂ ਹਸਤੀਆਂ ਵਿਚ ਸਰਵਸ੍ਰੀ ਮਨੀਸ਼ ਗਰਗ, ਹਨੀ ਤੂਰ, ਐਡਵੋਕੇਟ ਕੋਮਲ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ: ਹਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ।