ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇ ਪੰਜਾਬ ਸਰਕਾਰ,ਨਹੀਂ ਤਾਂ ਪੰਜਾਬ ਬਣ ਜਾਵੇਗਾ ਕਿਸਾਨਾਂ ਦਾ ਸ਼ਮਸ਼ਾਨਘਾਟ : ਪੂਨੀਆ

ਸੰਗਰੂਰ,02 ਫਰਵਰੀ (ਸਪਨਾ ਰਾਣੀ): ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸੂਬਾ ਸਕੱਤਰ ਅਮਨ ਪੂਨੀਆ ਦੀ ਅਗਵਾਈ `ਚ ਕਿਸਾਨੀ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ `ਚ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਨਾਲ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੇ ਵਾਅਦੇ ਜਿੱਤਣ ਤੋਂ ਪਹਿਲਾਂ ਕੀਤੇ ਸਨ,ਉਨ੍ਹਾਂ ਤੋਂ ਪੂਰੀ ਤਰ੍ਹਾਂ ਮੁੱਕਰ ਗਈ ਹੈ। ਆਗੂਆਂ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ `ਚ ਫੜ ਕੇ ਸਹੁੰ ਚੁੱਕੀ ਸੀ ਕਿ ਸਰਕਾਰ ਬਣਨ ਉਪਰੰਤ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦੇਣਗੇ ਪਰ ਸਰਕਾਰ ਬਣਨ ਤੋਂ ਬਾਅਦ ਮਾੜੀ ਵਿੱਤੀ ਹਾਲਤ ਦਾ ਹਵਾਲਾ ਦੇ ਕੇ ਇਸ ਵਾਅਦੇ ਤੋਂ ਪਾਸੇ ਹੱਟ ਗਈ। ਮਾਨਸਾ ਵਿਖੇ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਬਜਾਏ,ਕਰਜ਼ਾ ਰਾਹਤ ਸਕੀਮ ਸ਼ੁਰੂ ਕਰ ਕੇ ਕਿਸਾਨਾਂ `ਚ ਪੂਰਨ ਕਰਜ਼ਾ ਮੁਆਫ਼ ਦੀ ਬੱਝੀ ਹੋਈ ਆਸ ਨੂੰ ਵੀ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਹਾਲੇ ਵੀ ਜਾਰੀ ਹਨ,ਜੇਕਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਾ ਕੀਤਾ ਗਿਆ ਤਾਂ ਪੰਜਾਬ ਕਿਸਾਨਾਂ ਦਾ ਸ਼ਮਸ਼ਾਨਘਾਟ ਬਣ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਹੋਵੇ,ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,ਕੁਦਰਤੀ ਕਹਿਰ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਇਸ ਮੌਕੇ ਮੰਗ ਪੱਤਰ ਦੇਣ ਸਮੇਂ ਜ਼ੋਰਾ ਸਿੰਘ ਜ਼ਿਲਾ ਪ੍ਰਧਾਨ ਕਿਸਾਨ ਮੋਰਚਾ,ਸੁਨੀਲ ਗਰੋਵਰ, ,ਅਮਨਦੀਪ ਸਿੰਘ ਪੂਨੀਆ ਸੱਕਤਰ ਪੰਜਾਬ,ਕੁਲਵਿੰਦਰ ਸਿੰਘ,ਸੁਰੇਸ਼ ਬੇਦੀ ਅਤੇ ਹੋਰ ਵੱਡੀ ਗਿਣਤੀ `ਚ ਭਾਜਪਾ ਆਗੂ ਹਾਜ਼ਰ ਸਨ।