ਸਰਕਾਰ ਦੀ ਪੰਜਾਬੀ ਭਾਸ਼ਾ ਵਿਰੋਧੀ ਨੀਤੀ ਖਿਲਾਫ਼ ਭਾਸ਼ਾ ਭਵਨ ਪਟਿਆਲ਼ਾ ਵਿਖੇ ਧਰਨਾ ਦੇਣ ਦਾ ਐਲਾਨ

ਧੂਰੀ,31 ਜਨਵਰੀ (ਮਹੇਸ਼ ਜਿੰਦਲ): ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਚੁਣੀ ਹੋਈ ਕਮੇਟੀ, ਰਾਜ ਮੁਖੀਆਂ ਅਤੇ ਜ਼ਿਲਾ ਮੁਖੀਆਂ ਦੀ ਮੀਟਿੰਗ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨੁਮਾਇੰਦਿਆਂ ਨੇ ਭਾਗ ਲਿਆ। ਸਭਾ ਦੀ ਭਰਵੀਂ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸਰਕਾਰ ਦੀਆਂ ਪੰਜਾਬੀ ਭਾਸ਼ਾ ਮਾਰੂ ਨੀਤੀਆਂ ਖਿਲਾਫ਼, ਭਾਸ਼ਾ ਵਿਭਾਗ ਪੰਜਾਬ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਖਿਲਾਫ਼, ਭਾਸ਼ਾ ਵਿਭਾਗ ਅੰਦਰਲੇ ਲੇਖਕਾਂ ਦੇ ਆਸ਼ਿਆਨੇਂ ਸਾਹਿੱਤ ਸਦਨ ’ਤੇ ਐਨ.ਸੀ.ਸੀ. ਪੰਜਾਬ ਦਾ ਕਬਜਾ ਕਰਵਾਉਣ ਦੇ ਖਿਲਾਫ਼, ਸਕੂਲਾਂ ਅੰਦਰ ਪੰਜਾਬੀ ਭਾਸ਼ਾ ਦੀਆਂ ਅਸਾਮੀਆਂ ਖਤਮ ਕਰਨ ਖਿਲਾਫ਼ ਅਤੇ ਪੰਜਾਬ ਅੰਦਰ ਪੰਜਾਬੀ ਭਾਸ਼ਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਟਿ੍ਰਬਿਊਨਲ ਬਣਾਉਣ ਲਈ ਜੱਥੇਬੰਦਕ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਕੇਂਦਰੀ ਸਭਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਦਫਤਰ ਅੱਗੇ ਇੱਕ ਦਿਨ ਦਾ ਰੋਸ ਧਰਨਾ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ। ਕੇਂਦਰੀ ਸਭਾ ਵੱਲੋਂ ਪੰਜਾਬ ਸਰਕਾਰ ਤੋਂ ਇਹ ਭੀ ਮੰਗ ਕੀਤੀ ਗਈ ਕਿ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਜੋ ਪਿਛਲੇ ਤਿੰਨ ਸਾਲਾਂ ਤੋਂ ਬਕਾਇਆ ਪਏ ਹਨ, ਵੀ ਤੁਰੰਤ ਹੀ ਦਿੱਤੇ ਜਾਣ। ਮੌਜੂਦਾ ਭਾਸ਼ਾ ਐਕਟ ਮੁਤਾਬਿਕ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਜ਼ਿਲਾ ਪੱਧਰ ਦੀਆਂ ਕਮੇਟੀਆਂ ਅਤੇ ਪੰਜਾਬ ਪੱਧਰ ਦੀ ਕਮੇਟੀ ਮੁੜ ਬਣਾਉਣ ਦੀ ਮੰਗ ਕੀਤੀ। ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਜਿਸ ਦੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਮੈਂਬਰ ਵੀ ਹੈ, ਦੀ ਤਿੰਨ ਫਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ ਅਤੇ ਦਸ ਫ਼ਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਜਾ ਰਹੀ ਸਾਂਝੀ ਕਨਵੈਨਸ਼ਨ ਵਿੱਚ ਗਿਆਰਾਂ ਵਜੇ ਸ਼ਾਮਲ ਹੋਣ ਲਈ ਸਾਰੀਆਂ ਸਭਾਵਾਂ ਨੂੰ ਸੱਦਾ ਵੀ ਦਿੱਤਾ। ਉੱਘੇ ਲੇਖਕ ਗੁਰਪਾਲ ਸਿੰਘ ਲਿੱਟ, ਤਰਸੇਮ ਸਿੰਘ ਸਫ਼ਰੀ ਅਤੇ ਪ੍ਰਸਿੱਧ ਗਾਇਕ ਸਾਬਰ ਕੋਟੀ ਦੀ ਹੋਈ ਅਚਾਨਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਸਤੋਂ ਉਪਰੰਤ ਕੇਂਦਰੀ ਸਭਾ ਵੱਲੋਂ ਇਕੱਤੀ ਮੈਂਬਰੀਂ ਕਾਰਜਕਾਰਨੀ ਨਾਮਜ਼ਦ ਕੀਤੀ ਗਈ, ਜਿਸ ਵਿੱਚ ਸਰਵ ਸ੍ਰੀ ਸਰਦਾਰ ਪੰਛੀ, ਰਣਜੀਤ ਸਿੰਘ ਬਾਜ, ਲਖਵਿੰਦਰ ਸਿੰਘ ਬਾਜਵਾ, ਹਮਦਰਦਵੀਰ ਨੌਸ਼ਹਿਰਵੀ, ਡਾ. ਜਸਵੰਤ ਬੇਗੋਵਾਲ, ਨਵਰਾਹੀ ਘੁਗਿਆਣਵੀ, ਨਰਿੰਦਰ ਸ਼ਰਮਾ ਮੋਗਾ, ਬੀਬਾ ਕੁਲਵੰਤ, ਅਮਰੀਕ ਸਿੰਘ ਤਲਵੰਡੀ, ਰਾਜ ਕੁਮਾਰ ਗਰਗ, ਡਾ. ਰਾਹੁਲ ਰੁਪਾਲ, ਬਲਵੀਰ ਜਲਾਲਾਬਾਦੀ, ਕੇ. ਸਾਧੂ ਸਿੰਘ, ਦਰਸ਼ਨ ਸਿੰਘ ਪ੍ਰੀਤੀਮਾਨ, ਸੁਖਦੇਵ ਸਿੰਘ ਔਲ਼ਖ਼, ਬਾਬੂ ਸਿੰਘ ਰਹਿਲ, ਮਿਲਖਾ ਸਿੰਘ ਸਨੇਹੀ, ਜਗੀਰ ਸਿੰਘ ਰਤਨ, ਕਰਮਜੀਤ ਸਿੰਘ ਜੋਗਾ, ਕਰਤਾਰ ਠੁੱਲੀਵਾਲ, ਬਾਜ ਸਿੰਘ ਮਹਿਲੀਆ, ਡਾ. ਮਿੰਦਰਪਾਲ ਭੱਠਲ, ਅਕਵੀਰ ਕੌਰ ਜਲੰਧਰ, ਡਾ. ਮਧੂ ਬਾਲਾ, ਸਰਬਜੀਤ ਕੌਰ ਜਸ, ਸੁਖਦੇਵ ਸ਼ਰਮਾ ਧੂਰੀ, ਜੈਨਇੰਦਰ ਚੌਹਾਨ, ਹੀਰਾ ਸਿੰਘ ਕੋਮਲ ਸਮਾਣਾ, ਸੱਤਪਾਲ ਸਾਹਲੋਂ, ਮਹਿੰਦਰ ਸਾਥੀ ਮੋਗਾ, ਹਾਕਮ ਸਿੰਘ ਰੂੜੇਕੇ ਸ਼ਾਮਲ ਹਨ।
ਸਭਾ ਵੱਲੋਂ ਵੱਖ-ਵੱਖ ਵਿਧਾਵਾਂ ਦੀਆਂ ਸਕੂਲ ਕਮੇਟੀ ਦੇ ਮੁਖੀ ਹੇਠ ਲਿਖੇ ਅਨੁਸਾਰ ਲਗਾਏ ਗਏ ਨਾਟਕ ਤੇ ਰੰਗ ਮੰਚ ਸਕੂਲ ਕਮੇਟੀ : ਨਾਟਕਕਾਰ ਸੈਮੂਅਲ ਜੋਨ, ਗਜ਼ਲ ਸਕੂਲ ਕਮੇਟੀ ਗੁਰਦਿਆਲ ਰੌਸ਼ਨ, ਗੀਤ ਸਕੂਲ ਕਮੇਟੀ ਡਾ. ਕਮਲਜੀਤ ਟਿੱਬਾ, ਨਾਵਲ ਸਕੂਲ ਕਮੇਟੀ ਓਮ ਪ੍ਰਕਾਸ਼ ਗਾਸੋ, ਕਵਿਤਾ ਸਕੂਲ ਕਮੇਟੀ ਡਾ. ਮੋਹਨ ਤਿਆਗੀ, ਸਮਿੱਖਿਆ ਤੇ ਮੁਲਾਂਕਣ ਸਕੂਲ ਕਮੇਟੀ ਡਾ. ਸੁਰਜੀਤ ਬਰਾੜ, ਕਹਾਣੀ ਸਕੂਲ ਕਮੇਟੀ ਮਿੱਠਾ ਸਿੰਘ ਸੇਖੋਂ, ਹਾਸ ਵਿਅੰਗ ਸਕੂਲ ਕਮੇਟੀ ਨਰੰਜਨ ਸ਼ਰਮਾ ਸੇਖਾ, ਬਾਲ ਸਾਹਿੱਤ ਸਕੂਲ ਕਮੇਟੀ ਕਮਲਜੀਤ ਨੀਲੋਂ, ਵਾਰਤਿਕ ਅਤੇ ਖੋਜ ਸਕੂਲ ਕਮੇਟੀ ਡਾ. ਨਰਵਿੰਦਰ ਕੌਸ਼ਲ, ਮਿੰਨੀ ਕਹਾਣੀ ਸਕੂਲ ਕਮੇਟੀ ਡਾ. ਹਰਪ੍ਰੀਤ ਰਾਣਾ, ਚਿੱਤਰਕਾਰੀ ਤੇ ਫੋਟੋਗ੍ਰਾਫੀ ਸਕੂਲ ਕਮੇਟੀ ਜਗਦੀਪ ਸਿੰਘ ਬਰਨਾਲਾ, ਪੱਤਰਕਾਰਤਾ ਸਕੂਲ ਕਮੇਟੀ ਬਲਜੀਤ ਸਿੰਘ ਬੁੱਟਰ, ਕਵੀਸ਼ਰੀ ਤੇ ਸੰਗੀਤ ਸਕੂਲ ਕਮੇਟੀ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਪੰਜਾਬੀ ਭਾਸ਼ਾ ਵਿਗਿਆਨ ਸਕੂਲ ਕਮੇਟੀ ਡਾ. ਗੁਰਨਾਇਬ ਸਿੰਘ, ਅਨੁਵਾਦ ਸਕੂਲ ਕਮੇਟੀ ਡਾ. ਅਮਰਜੀਤ ਕਾਉਂਕੇ ਨੂੰ ਲਗਾਇਆ ਗਿਆ। ਇਸਦੇ ਨਾਲ ਹੀ ਹਰ ਕਮੇਟੀ ਵਿੱਚ ਛੇ ਹੋਰ ਵਿਦਵਾਨ ਲੇਖਕਾਂ ਨੂੰ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਅੰਦਰ ਸਾਰੇ ਪੰਜਾਬ ਅਤੇ ਹਰਿਆਣਾ ਦੇ ਜ਼ਿਲਾ ਮੁਖੀ, ਦਿੱਲੀ, ਜੰਮੂ-ਕਸ਼ਮੀਰ ਅਤੇ ਚੰਡੀਗੜ ਲਈ ਪ੍ਰਾਂਤ ਮੁਖੀ ਲਗਾਉਣ ਦਾ ਵੀ ਫ਼ੈੌਸਲਾ ਕੀਤਾ ਗਿਆ। ਇਸਦੇ ਨਾਲ ਹੀ ਜਰਨੈਲ ਸਿੰਘ ਅੱਚਰਵਾਲ ਨੂੰ ਕੈਨੇਡਾ, ਸੁਰਜੀਤ ਸਿੰਘ ਪੰਛੀ ਨੂੰ ਅਮਰੀਕਾ ਅਤੇ ਜਗਮੇਲ ਸਿੰਘ ਸਿੱਧੂ ਨੂੰ ਡੈਨਮਾਰਕ ਦਾ ਮੁਖੀ ਲਗਾਇਆ ਗਿਆ।