ਆਪਣੀ ਜਨਮਭੂਮੀ ਕੱਕੜਵਾਲ ਪਹੁੰਚ ਕੇ ਸਿੱਧੂ ਨੇ ਕੀਤੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ

ਧੂਰੀ, 27 ਜਨਵਰੀ (ਮਹੇਸ਼ ਜਿੰਦਲ): ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਗਰਾਮ ਪੰਚਾਇਤ ਕੱਕੜਵਾਲ ਦੇ ਸਹਿਯੋਗ ਨਾਲ ਗਣਤੰਤਰਤਾ ਦਿਵਸ ਮੌਕੇ ਕਰਵਾਏ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ਼੍ਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਬਨਿਟ ਮੰਤਰੀ ਬਨਣ ਤੋਂ ਬਾਅਦ ਆਪਣੀ ਜਨਮਭੂਮੀ `ਤੇ ਪਹਿਲੀ ਵਾਰ ਪਹੁੰਚੇ ਸ਼੍ਰੀ ਸਿੱਧੂ ਨੇ ਹਾਜ਼ਰ ਭਾਰੀ ਇੱਕਠ ਨੂੰ ਆਪਣੇ ਹੀ ਲਹਿਜ਼ੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਜਨਮਭੂਮੀ ਕੱਕੜਵਾਲ ਵਿਖੇ ਪਹੁੰਚ ਕੇ ਮੈਂਨੂੰ ਬੇਹਦ ਖੁਸ਼ੀ ਹੋਈ ਹੈ। ਇਸ ਦੌਰਾਨ ਸ਼੍ਰੀ ਸਿੱਧੂ ਨੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਮਾੜੀ ਕਾਰਗੁਜਾਰੀ ਉੱਪਰ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਹਮੇਸ਼ਾ ਹੀ ਲੋਕ ਵਿਰੋਧੀ ਫੈਸਲੇ ਲਏ ਹਨ ਅਤੇ ਹਮੇਸ਼ਾ ਲੋਕਵਿਰੋਧੀ ਰਹੇ ਹਨ ਜਿਸ ਕਾਰਨ ਸੂਬੇ ਵਿੱਚ ਵਿਕਾਸ ਹੋਣਾ ਤਾਂ ਦੂਰ ਦੀ ਗੱਲ, ਸੂਬਾ ਵਿਕਾਸ ਵਜੋਂ ਪਛੜਿਆ ਹੈ ਅਤੇ ਇਹ ਹੁਣ ਕਾਂਗਰਸ ਦੀ 10 ਮਹੀਨੇ ਪਹਿਲਾਂ ਬਣੀ ਸਰਕਾਰ ਦੀ ਪੜਚੋਲ ਕਰਨ ਲੱਗ ਪਏ ਹਨ, ਜਦੋਂ ਕਿ ਆਪਣੀ ਸਰਕਾਰ ਦੇ ਕਾਰਜਕਾਲ ਦਾ ਸਮਾਂ ਭੁੱਲੀ ਬੈਠੇ ਹਨ। ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਧੂਰੀ ਵਿਖੇ ਬੱਸ ਸਟੈਂਡ ਬਨਾਉਣ ਦੀ ਮੰਗ ਨੂੰ ਸਵੀਕਾਰ ਕਰਦਿਆਂ ਸ਼੍ਰੀ ਸਿੱਧੂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇਕਰ ਗੋਲਡੀ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਬੱਸ ਅੱਡੇ ਵਿੱਚ ਖੜ੍ਹਣ ਨਹੀਂ ਦੇਵੇਗਾ ਤਾਂ ਉਹ ਬੱਸ ਸਟੈਂਡ ਬਨਵਾ ਦੇਣਗੇ। ਜਿਸ `ਤੇ ਤੁਰੰਤ ਜਵਾਬ ਦਿੰਦਿਆਂ ਹਲਕਾ ਵਿਧਾਇਕ ਗੋਲਡੀ ਨੇ ਵੀ ਬਾਦਲ ਪਰਿਵਾਰ ਦੀਆਂ ਬੱਸਾਂ ਬੱਸ ਸਟੈਂਡ ਵਿੱਚ ਨਾ ਖੜ੍ਹਣ ਦੇਣ ਵਾਰੇ ਹਾਮੀ ਭਰੀ।ਉਹਨਾਂ ਦੋ ਏਕੜ ਜ਼ਮੀਨ ਵਿੱਚ ਕੱਕੜਵਾਲ ਵਿਖੇ ਸਟੇਡੀਅਮ ਬਨਾਉਣ ਦੀ ਗੱਲ ਵੀ ਕੀਤੀ। ਸ਼੍ਰੀ ਸਿੱਧੂ ਨੇ ਪਿੰਡ ਕੱਕੜਵਾਲ ਵਿਖੇ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧਾਂ ਲਈ 60 ਲੱਖ ਰੁਪਏ ਦੀ ਗਰਾਂਟ, ਪਿੰਡ ਦੀ ਫਿਰਨੀ ਲਈ 25 ਲੱਖ ਰੁਪਏ ਅਤੇ ਹਰ ਸਾਲ 5 ਲੱਖ ਰੁਪਏ ਦੀ ਗਰਾਂਟ ਡੀ.ਏ.ਵੀ. ਪਬਲਿਕ ਸਕੂਲ ਨੂੰ ਚਾਰ ਸਾਲਾਂ ਲਈ ਦੇਣ ਦਾ ਐਲਾਨ ਵੀ ਕੀਤਾ।ਉਹਨਾਂ ਅੱਗੇ ਕਿਹਾ ਕਿ ਸੂਬੇ ਲਈ 1500 ਕਰੋੜ ਰੁਪਏ ਦਾ ਲੋਨ ਹੁਡਕੋ ਵੱਲੋਂ ਪ੍ਰਾਪਤ ਹੋਣ ਵਾਲਾ ਹੈ, ਜੋ ਕਿ ਇਸ ਪੈਸਾ ਨਹਿਰੀ ਪਾਣੀਆਂ ਨੂੰ ਪੀਣ ਯੋਗ ਬਨਾਉਣ ਲਈ ਖਰਚਿਆ ਜਾਵੇਗਾ।ਸ਼੍ਰੀ ਸਿੱਧੂ ਨੇ ਗਰਾਂਟਾਂ ਦਾ ਐਲਾਨ ਕਰਨ ਤੋਂ ਬਾਅਦ ਆਪਣੇ ਰੋਮਾਂਟਿਕ ਅੰਦਾਜ਼ ਵਿੱਚ ਹਾਜ਼ਰ ਪਿੰਡ ਵਾਸੀਆਂ ਨੂੰ ਕਿਹਾ ਕਿ ਲਓ ਬਾਈ ਹੁਣ `ਠੋਕੋ ਤਾਲੀ`। ਇਸ ਮੌਕੇ ਸੰਗਰੂਰ ਦੇ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਅਤੇ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ ਹਲਕੇ ਨੂੰ ਪਾਣੀ, ਸਿਹਤ ਸਹੂਲਤਾਂ, ਪੜਾਈ ਆਦਿ ਵਰਗੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਡੀ.ਏ.ਵੀ. ਪਬਲਿਕ ਸਕੂਲ ਦੇ ਚੇਅਰਮੈਨ ਸ਼੍ਰੀ ਵੀ.ਕੇ.ਸ਼ਰਮਾਂ, ਡਾ.ਏ.ਆਰ.ਸ਼ਰਮਾਂ. ਐਮ.ਡੀ. ਰਾਈਸੀਲਾਂ ਫੂਡਜ਼, ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ., ਹਰਬੰਸ ਸਿੰਘ, ਅੱਛਰਾ ਸਿੰਘ ਭਲਵਾਨ, ਨਰੇਸ਼ ਕੁਮਾਰ ਮੰਗੀ, ਰਾਕੇਸ਼ ਕੁਮਾਰ, ਸੁਰੇਸ਼ ਬਾਂਸਲ, ਗੁਰਪਿਆਰ ਸਿੰਘ ਧੂਰਾ, ਨਰੇਸ਼ ਕਾਲਾ, ਰੋਮੀ ਢੰਡ, ਗੋਲਡੀ ਕਹੇਰੂ, ਆਦਿ ਤੋਂ ਇਲਾਵਾ ਹੋਰ ਅਨੇਕਾਂ ਪਤਵੰਤੇ ਹਾਜ਼ਰ ਸਨ।

ਤਸਵੀਰ:- ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਕਰਵਾਏ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਨਵਜੋਤ ਸਿੰਘ ਸਿੱਧੂ, ਉਹਨਾਂ ਨਾਲ ਵਿਧਾਇਕ ਦਲਵੀਰ ਸਿੰਘ ਗੋਲਡੀ, ਵਿਧਾਇਕ ਵਿਜੈਇੰਦਰ ਸਿੰਗਲਾ,ਅਤੇ ਸਾਬਕਾ ਵਿਧਾਇਕ ਧਨਵੰਤ ਸਿੰਘ,ਵੀ.ਕੇ. ਸ਼ਰਮਾਂ ਅਤੇ ਸਕੂਲ ਸਟਾਫ। (ਮਹੇਸ਼ ਜਿੰਦਲ)