ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਵਾਲਿਆਂ `ਤੇ ਹੋਵੇਗੀ ਸਖਤ ਕਾਰਵਾਈ : ਲੌਂਗੋਵਾਲ

ਧੂਰੀ,21 ਜਨਵਰੀ (ਮਹੇਸ਼ ਜਿੰਦਲ): ਧੂਰੀ ਦੇ ਮਾਨਵਾਲਾ ਪਿੰਡ `ਚ ਇਕ ਦਲਿਤ ਪਰਿਵਾਰ ਨੂੰ ਗੁਰਦੁਆਰੇ `ਚ ਭੋਗ ਨਾ ਪਾਉਣ ਦੇਣ ਦਾ ਮਾਮਲਾ ਗਰਮਾ ਗਿਆ ਹੈ। ਮੀਡੀਆ `ਚ ਮਾਮਲਾ ਆਉਣ ਤੋਂ ਬਾਅਦ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਮਾਨਵਾਲਾ ਪਹੁੰਚੇ ਤੇ ਉਨ੍ਹਾਂ ਨੇ ਪਰਿਵਾਰ ਨਾਲ ਮੀਟਿੰਗ ਕਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਵਿਸ਼ਵਾਸ ਦਿਵਾਇਆ। ਰਾਜੋਆਣਾ ਦੀ ਫਾਂਸੀ ਦੀ ਸਜ਼ਾ `ਤੇ ਉਨ੍ਹਾਂ ਕਿਹਾ ਕਿ ਅਸੀਂ ਰਾਜੋਆਣਾ ਦੀ ਭੈਣ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਹੈ ਕਿ ਐੱਸ. ਜੀ. ਪੀ. ਸੀ. ਵਲੋਂ ਕੀਤੀ ਗਈ ਅਪੀਲ `ਤੇ ਜਲਦ ਫੈਸਲਾ ਦਿੱਤਾ ਜਾਵੇ।

ਇਸ ਤੋਂ ਇਲਾਵਾ ਵਿਦੇਸ਼ਾਂ `ਚ ਸਿੱਖਾਂ ਦੀ ਪਗੜੀ ਦੀ ਬੇਅਦਬੀ ਦੇ ਮਾਮਲੇ `ਚ ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅੱਣਖ ਨਾਲ ਜਿਊਣ ਵਾਲੀ ਕੌਮ ਹੈ ਤੇ ਸਾਰੇ ਲੋਕ ਬਰਾਬਰ ਹਨ। ਵਿਦੇਸ਼ੀ ਗੁਰਦੁਆਰਿਆਂ `ਚ ਭਾਰਤੀ ਅਧਿਕਾਰੀਆਂ ਨੂੰ ਨਾ ਆਉਣ ਦੇਣ ਦੇ ਮਾਮਲੇ `ਚ ਉਨ੍ਹਾਂ ਕਿਹਾ ਕਿ ਗੁਰਦੁਆਰੇ ਸਾਰਿਆਂ ਦੇ ਸਾਂਝੇ ਹਨ ਤੇ ਕੋਈ ਵੀ ਉਥੇ ਮੱਥਾ ਟੇਕਣ ਜਾ ਸਕਦਾ ਹੈ।