ਬਰਨਾਲਾ ਦੀ ਪਹਿਲੀ ਬਰਸੀ ਮੌਕੇ ਹੋਵੇਗਾ ਸ਼ਕਤੀ ਪ੍ਰਦਰਸ਼ਨ

ਧੂਰੀ,16 ਜਨਵਰੀ (ਮਹੇਸ਼ ਜਿੰਦਲ) ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਹਿਲੀ ਬਰਸੀ 21 ਜਨਵਰੀ ਨੂੰ ਨਵਾਂ ਬੱਸ ਸਟੈਂਡ ਰੋਡ,ਮਾਤਾ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਮਨਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਧੁਰੇ ਨਾਲ ਜੁੜੇ ਵਰਕਰਾਂ ਆਗੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਹ ਖੁਲਾਸਾ ਕਰਦਿਆਂ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਦੱਸਿਆ ਕਿ ਬਰਸੀ ਸਮਾਗ਼ਮ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ,ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਪਹਿਲੀ ਕਤਾਰ ਦੇ ਹੋਰ ਆਗੂਆਂ ਤੋਂ ਇਲਾਵਾ ਜਿੱਥੇ ਸੰਗਰੂਰ ਬਰਨਾਲਾ ਜ਼ਿਲ੍ਹਿਆਂ ’ਚੋਂ ਵੱਡੀ ਗਿਣਤੀ ਵਰਕਰ ਆਗੂ ਸ਼ਿਰਕਤ ਕਰਨਗੇ ਉਥੇ ਸ੍ਰੀ ਬਰਨਾਲਾ ਦੇ ਉਪਾਸ਼ਕ ਸੂਬੇ ’ਚੋਂ ਉਚ ਕੋਟੀ ਦੇ ਚੋਣਵੇਂ ਆਗੂ ਵਰਕਰ ਵੀ ਇਸ ਸਮਾਗ਼ਮ ਵਿੱਚ ਸ਼ਿਰਕਤ ਕਰਨਗੇ। ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਨੂੰਹ ਬੀਬੀ ਹਰਪ੍ਰੀਤ ਕੌਰ ਬਰਨਾਲਾ ਵੱਲੋਂ ਔਰਤਾਂ ਨਾਲ ਅਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ ਵੱਲੋਂ ਨੌਜਵਾਨਾਂ ਨਾਲ ਮੀਟਿੰਗਾਂ ਸਮਾਗ਼ਮ ਵਿੱਚ ਸ਼ਿਰਕਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।