ਪਰਲ ਨਿਵੇਸ਼ਕਾਂ ਨੇ ਆਪਣੀ ਰਕਮ ਦੀ ਵਾਪਸੀ ਲਈ ਸੰਘਰਸ਼ ਜਾਰੀ

ਧੂਰੀ 12 ਜਨਵਰੀ (ਮਹੇਸ ਜਿੰਦਲ): ਪਰਲ ਕੰਪਨੀ ਦੇ ਪੀੜਤ ਨਿਵੇਸ਼ਕਾਂ ਨੂੰ ਇਨਸਾਫ ਦਿਵਾਉਣ ਲਈ ਲੜ੍ਹਦੇ ਆ ਰਹੇ ਐਂਟੀ ਚਿੱਟ ਫੰਡ ਫਰੰਟ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ ਦੀ ਅਗਵਾਈ ਹੇਠ ਹਲਕਾ ਧੂਰੀ ਦੇ ਪੀੜ੍ਹਤ ਨਿਵੇਸ਼ਕਾਂ ਦਾ ਇੱਕਠ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਵਿਖੇ ਹੋਇਆ, ਜਿਸ ਵਿੱਚ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਪੀੜਤਾਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਮੀਟਿੰਗ ਦੌਰਾਨ ਪਰਲ ਕੰਪਨੀ ਵੱਲ ਨਿਵੇਸ਼ਕਾਂ ਦੇ ਫਸੇ ਪੈਸੇ ਵਾਪਸ ਦਿਵਾਉਣ ਲਈ ਹੋਈ ਲੰਮੀ ਵਿਚਾਰ-ਚਰਚਾ ’ਚ ਸੰਘਰਸ਼ ਦੀ ਸਫ਼ਲਤਾ ਲਈ ਸਮੁੱਚੇ ਨਿਵੇਸ਼ਕਾਂ ਨੂੰ ਲਾਮਵੰਦ ਹੋਣ ਦਾ ਸੱਦਾ ਦਿੱਤਾ ਗਿਆ।ਮੀਟਿੰਗ ਉਪਰੰਤ ਫਰੰਟ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿੱਆਂ ਦੱਸਿਆ ਕਿ ਪਰਲ ਕੰਪਨੀ ਵੱਲੋਂ ਪੰਜਾਬ ਦੇ ਕਰੀਬ 25 ਲੱਖ ਅਤੇ ਦੇਸ਼ ਭਰ ਦੇ ਕਰੀਬ 5 ਕਰੋੜ 85 ਲੱਖ ਨਿਵੇਸ਼ਕਾਂ ਦਾ ਕਰੀਬ 50 ਹਜਾਰ ਕਰੋੜ ਰੁਪਿਏ ਫਸਿਆ ਹੋਈਆ ਹੈ, ਜਦੋਕਿ ਪਰਲ ਦੇ ਮਾਲਕ ਕੋਲ ਕਰੀਬ ਦੋ ਲੱਖ ਕਰੋੜ ਰੁਪੈ ਦੀ ਜਾਇਦਾਦ ਹੈ। ਉਨ੍ਹਾਂ ਦੱਸਿਆ ਕਿ ਫਰੰਟ ਵੱਲੋਂ ਲੜ੍ਹੇ ਜਾ ਰਹੇ ਸੰਘਰਸ਼ ਦੌਰਾਨ ਸੁਪਰੀਮ ਕੋਰਟ ਵੱਲੋਂ 2016 ਵਿੱਚ ਸਾਬਕਾ ਚੀਫ ਜਸਟਿਸ ਆਰ.ਐਮ ਲੱਡਾ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਨਾਲ ਸੇਬੀ ਬਿਉਰੋ ਨੂੰ ਵੀ ਅਟੈਚ ਕੀਤਾ ਗੀਆ ਸੀ ਤਾਂ ਕਿ ਕੰਪਨੀ ਦੀਆਂ ਜਾਇਦਾਦਾਂ ਨੂੰ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਮੁੜਵਾਏ ਜਾ ਸਕਣ, ਪਰੰਤੂ ਕੰਪਨੀ ਵੱਲੋਂ ਸਾਜਿਸ ਤਹਿਤ ਆਪਣੀਆਂ ਬਹੁਤੀਆਂ ਪ੍ਰੋਪਰਟੀਆਂ ਬੇਨਾਮੀ ਨਾਮਾਂ ਦੇ ਨਾਮ ਕਰਵਾਏ ਜਾਣ ਕਾਰਨ ਨਿਵੇਸ਼ਕਾਂ ਦੇ ਪੈਸੇ ਵਾਪਸ ਹੋਣ ਦੇ ਮਸ਼ਲੇ ‘ਚ ਦਿੱਕਤ ਦਿਖਾਈ ਦੇ ਰਹੀ ਹੈ। ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਲ ਨਿਵੇਸ਼ਖਾਂ ਦੇ ਪੈਸੇ ਵਾਪਸ ਕਰਵਾਉਣ ਲਈ ਪਰਲ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਜਾਇਦਾਦ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਮ ਤੇ ਬਣਾਈਆਂ ਜਾਇਦਾਦਾਂ ਵੀ ਨਿਵੇਸ਼ਕਾਂ ਦੇ ਪੈਸੇ ਮੂੜਵਾਉਣ ਲਈ ਅਟੈਚ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਸਰਕਾਰੀ ਸ਼ਹਿ ਤੋਂ ਬਿਨਾਂ ਨਹੀ ਚੱਲਦੀਆਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਨਿਵੇਸ਼ਕਾਂ ਨੂੰ ਇਨਸਾਫ ਦਿਵਾਈਆ ਜਾਵੇ। ਉਨ੍ਹਾਂ ਕਿਹਾ ਕਿ ਧਿਆਨ ‘ਚ ਆਇਆ ਹੈ ਕਿ ਇਸ ਆਪੋ-ਧਾਪੀ ‘ਚ ਕਈ ਸਿਆਸੀ ਲੀਡਰ ਆਪਣੇ ਹੱਥ ਰੰਗਣ ਦੀ ਆੜ ਹੇਠ ਪਰਲ ਕੰਪਨੀ ਦੀਆਂ ਜਾਇਦਾਦਾਂ ਤੇ ਕਬਜਾ ਕਰਨ ਦੀ ਤਾਕ ’ਚ ਹਨ। ਇਸ ਮੰਕੇ ਸੰਘਰਸ਼ ਨੂੰ ਹੇਠਲੇ ਪੱਧਰ ਤੱਕ ਮਜਬੂਤੀ ਨਾਲ ਚਲਾਉਣ ਲਈ ਵਿਧਾਨ ਸਭਾ ਹਲਕਾ ਧੂਰੀ ਲਈ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ’ਚ ਹਾਕਮ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਚੈਅਰਮੈਨ, ਪਰਮਜੀਤ ਸਿੰਘ ਸੱਕਤਰ, ਜੈਪ੍ਰਕਾਸ਼ ਪ੍ਰੈਸ ਸੱਕਤਰ, ਬਲਵਿੰਦਰ ਸਿੰਘ ਲੱਡਾ ਖਜਾਨਚੀ, ਸੁਮਨਦੀਪ ਸਿੰਘ ਕਮੇਟੀ ਬੁਲਾਰਾ ਅਤੇ ਕੁਲਵਿੰਦਰ ਕੌਰ ਨੂੰ ਮੀਤ ਸੱਕਤਰ ਨਿਯੁਕਤ ਕੀਤਾ ਗਿਆ। ਫਰੰਟ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਪਰਲ ਨਿਵੇਸ਼ਕਾਂ ਨੂੰ ਇਨਸਾਫ ਨਾ ਦਿਵਾਇਆ ਤਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੀੜਤ ਨਿਵੇਸ਼ਕਾਂ ਵੱਲੋਂ ਪਰਿਵਾਰਾਂ ਸਮੇਤ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ਼ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ’ਚ ਗੁਰਨਾਮ ਸਿੰਘ ਪੇਧਨੀ, ਨਿਰਮਲ ਸਿੰਘ ਪੇਧਨੀ, ਬਲਵਿੰਦਰ ਸਿੰਘ ਕਹੇਰੂ, ਚਮਕੌਰ ਸਿੰਘ ਦੋਹਲਾ, ਮੁਹੰਮਦ ਫਾਰੂਕ ਆਲਮ, ਅਮਨਦੀਪ ਸਿੰਘ ਜਹਾਂਗੀਰ, ਧਰਮਪਾਲ ਸਿੰਘ ਮੀਰੇਹੜੀ, ਪਾਲ ਸਿੰਘ ਮੂਲੋਵਾਲ ਅਤੇ ਹਰਦਿੱਤ ਸਿੰਘ ਹਰੇੜੀ ਆਦਿ ਨੇ ਵੀ ਵਿਚਾਰ ਪ੍ਰਗਟਾਏ।