ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ

ਧੂਰੀ 12 ਜਨਵਰੀ (ਮਹੇਸ ਜਿੰਦਲ): ਦੇਰ ਸ਼ਾਮ ਪਿੰਡ ਲੱਡਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਛੱਜੂ ਸਿੰਘ (57) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬਨਭੌਰਾ ਆਪਣੇ ਮੋਟਰਸਾਈਕਲ ਤੇ ਆਪਣੇ ਇੱਕ ਦੋਸਤ ਵੱਲੋਂ ਰੱਖੇ ਲੋਹੜੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਿੰਡ ਕਾਂਝਲਾ ਨੂੰ ਜਾ ਰਿਹਾ ਸੀ। ਅਤੇ ਪਿੰਡ ਲੱਡਾ ਵਿਖੇ ਸਥਿਤ ਗੁਰਦੂਆਰਾ ਸਾਹਿਬ ਨੇੜੇ ਕਿਸੇ ਅਣਪਛਾਤੇ ਵਹੀਕਲ ਦੀ ਫੇਟ ਦਾ ਸ਼ਿਕਾਰ ਹੋ ਜਾਣ ਕਾਰਨ ਗੰਭੀਰ ਫੱਟੜ ਹੋ ਗਿਆ, ਜਿਸਦੀ ਬਾਅਦ ਵਿੱਚ ਇਲਾਜ ਲਈ ਡੀ.ਐੱਮ.ਸੀ ਲੁਧਿਆਣਾ ਲਿਜਾਂਦਿਆਂ ਰਸਤੇ ’ਚ ਮੌਤ ਹੋ ਗਈ। ਸੰਪਰਕ ਕਰਨ ਤੇ ਥਾਣਾ ਸਦਰ ਦੀ ਪੁਲਿਸ ਧੂਰੀ ਵੱਲੋਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਹਾਦਸੇ ਸਬੰਧੀ ਅਣਪਛਾਤੇ ਵਾਹਨ ਦੇ ਖਿਲਾਫ਼ ਮੁੱਕਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ।