ਧੂਰੀ-ਬਰਨਾਲਾ ਸੜਕ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਨੇ ਲਾਗਇਆ ਧਰਨਾ

ਧੂਰੀ,05 ਜਨਵਰੀ (ਮਹੇਸ਼ ਜਿੰਦਲ): ਧੂਰੀ-ਬਰਨਾਲਾ ਸੜਕ ਦੀ ਖਸਤਾ ਹਾਲਤ ਤੋਂ ਭੜਕੇ ਇਲਾਕਾ ਵਾਸੀਆਂ ਨੇ ਲੋਕ ਸੰਘਰਸ਼ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਕੱਕੜਵਾਲ ਚੌਕ `ਚ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਸੜਕ ਦੀ ਉਸਾਰੀ ਲਈ ਕਈ ਵਾਰ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਇਸ ਦੀ ਸਾਰ ਨਾ ਲੈਣ ਤੋਂ ਨਾਰਾਜ਼ ਵੱਡੀ ਗਿਣਤੀ `ਚ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੇ ਧਰਨੇ `ਚ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਜਹਾਂਗੀਰ,ਡਾ.ਅਨਵਰ ਭਦੌੜ,ਰਾਜਵੰਤ ਸਿੰਘ ਘੁੱਲੀ,ਮੇਜਰ ਸਿੰਘ ਪੁੰਨਾਵਾਲ,ਨਿਰੰਜਨ ਸਿੰਘ ਦੋਹਲਾ,ਸੁਖਦੇਵ ਸਿੰਘ ਬੜੀ,ਅਮਰੀਕ ਸਿੰਘ ਕਾਂਝਲਾ,ਅਤਬਾਰ ਸਿੰਘ ਬਾਦਸ਼ਾਹਪੁਰ,ਸਰਬਜੀਤ ਸਿੰਘ ਅਲਾਲ,ਨਿਰਮਲ ਸਿੰਘ ਘਨੌਰ,ਬੰਤ ਸਿੰਘ ਟਰਾਂਸਪੋਰਟਰ ਆਦਿ ਨੇ ਕਿਹਾ ਕਿ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ `ਚ ਆਈ ਕਾਂਗਰਸ ਸਰਕਾਰ ਆਪਣੇ 9 ਮਹੀਨਿਆਂ ਦੇ ਕਾਰਜਕਾਲ `ਚ ਲੋਕਾਂ ਨਾਲ ਕੀਤੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ। ਇਸ ਮੌਕੇ ਕਿਸਾਨਾ ਨੇ ਕਿਹਾ ਕਿ ਧੂਰੀ-ਬਰਨਾਲਾ ਸੜਕ `ਤੇ ਇਤਿਹਾਸਕ ਧਾਰਮਿਕ ਸਥਾਨ ਸ਼ਿਵ ਮੰਦਿਰ ਰਣੀਕੇ ਤੇ ਗੁਰਦੁਆਰਾ ਮੰਜੀ ਸਾਹਿਬ ਮੂਲੋਵਾਲ ਸਥਿਤ ਹਨ,ਜਿਸ ਕਾਰਨ ਰੋਜ਼ਾਨਾ ਅਨੇਕਾਂ ਸ਼ਰਧਾਲੂ ਇਸ ਸੜਕ ਤੋਂ ਲੰਘਦੇ ਹਨ। ਆਪਣੀ ਫਸਲ ਨੂੰ ਮੰਡੀ ਜਾਂ ਗੰਨੇ ਨੂੰ ਸ਼ੂਗਰ ਮਿੱਲ ਲਿਜਾਣ ਸਮੇਂ ਕਿਸਾਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸੜਕ ਦੀ ਤਰਸਯੋਗ ਹਾਲਤ ਕਾਰਨ ਇਥੇ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਐਸ.ਡੀ.ਐਮ ਦੇ ਭਰੋਸਾ ਦਵਾਉਣਾ ਤੇ ਧਰਨਾ ਚੁੱਕਿਆ ਜਾਂ ਰਿਹਾ ਹੈ ਜੇਕਰ ਸੜਕ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਨਾ ਕਰਵਾਇਆ ਗਿਆ ਤਾਂ ਐਕਸ਼ਨ ਕਮੇਟੀ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਐੈੱਸ. ਡੀ. ਐੈਮ. ਅਮਰੇਸ਼ਵਰ ਸਿੰਘ ਮੌਕੇ `ਤੇ ਪੁੱਜੇ, ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਐਸਟੀਮੇਟ ਬਣਾ ਕੇ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਨੂੰ ਪਾਸ ਕਰਵਾ ਕੇ ਪਹਿਲ ਦੇ ਆਧਾਰ `ਤੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਕਤ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।