ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਦੀ ਮੀਟਿੰਗ ਵਿਚ ਸਰਕਾਰ ਪ੍ਰਤੀ ਰੋਸ ਕਮੇਟੀ ਵਲੋਂ ਨਵਾਂ ਸਾਲ ਰੋਸ ਪ੍ਰਗਟ ਕਰਕੇ ਮਨਾਇਆ ਗਿਆ

ਗੁਰਦਾਸਪੁਰ/ਧਾਰੀਵਾਲ 4 ਜਨਵਰੀ (ਗੁਲਸ਼ਨ ਕੁਮਾਰ ਰਣੀਆ): ਪੰਜਾਬ ਸਰਕਾਰ ਵਲੋਂ ਸਤਿਗੁਰੂ ਕਬੀਰ ਜੀ ਦੀ ਗਜਟਿਡ ਹੁੰਦੀ ਆ ਰਹੀ ਛੁੱਟੀ ਨੂੰ ਰਾਖਵੀਂ ਛੁੱਟੀ ਵਿਚ ਤਬਦੀਲ ਕਰਨ ਦੇ ਰੋਸ ਵਜੋਂ ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ (ਰਜਿ.) ਫੱਜੂਪੁਰ ਦੀ ਮੀਟਿੰਗ ਪ੍ਰਧਾਨ ਅਸ਼ਵਨੀ ਫੱਜੂਪੁਰ ਦੀ ਪ੍ਰਧਾਨਗੀ ਹੇਠ ਸਤਿਗੁਰੂ ਕਬੀਰ ਮੰਦਿਰ ਪਿੰਡ ਫੱਜੂਪੁਰ ਵਿਖੇ ਹੋਈ। ਜਿਸ ਵਿਚ ਧਾਰੀਵਾਲ ਦੇ ਨੇੜਲੇ ਪਿੰਡਾਂ ਦੇ ਅਹੁਦੇਦਾਰ ਸ਼ਾਮਿਲ ਹੋਏ। ਮੀਟਿੰਗ ਦੋਰਾਨ ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹੁੰਦੀ ਆ ਰਹੀ ਗਜਟਿਡ ਛੁੱਟੀ ਨੂੰ ਰਾਖਵੀਂ ਛੁੱਟੀ ਵਿਚ ਤਬਦੀਲ ਕਰਨ ਤੇ ਸਮੁੱਚੇ ਕਬੀਰ ਪੰਥੀ ਭਾਈਚਾਰੇ ਵਿਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਸਾਲ 2018 ਦੀਆਂ ਗਜਟਿਡ ਛੁੱਟੀਆਂ ਵਿਚ ਸ਼੍ਰੀ ਗੁਰੂ ਕਬੀਰ ਜੇਯੰਤੀ ਦੀ 28 ਜੂਨ ਨੂੰ ਛੁੱਟੀ ਘੋਸ਼ਿਤ ਕੀਤੀ ਹੈ ਪਰ ਪੰਜਾਬ ਸਰਕਾਰ ਨੇ ਇਹ ਛੁੱਟੀ ਨਾ ਕਰਕੇ ਵਿਤਕਰਾ ਪੈਦਾ ਕੀਤਾ ਹੈ ਜਿਸ ਕਾਰਨ ਪੰਜਾਬ ਵਿਚ ਰਹਿੰਦੇ ਲੱਖਾਂ ਕਬੀਰ ਪੰਥੀ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਅਸ਼ਵਨੀ ਫੱਜੂਪੁਰ ਨੇ ਦੱਸਿਆ ਕਿ ਇਸ ਸਬੰਧ ਵਿਚ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਇਲਾਕੇ ਭਰ ਦੇ ਲੋਕਾਂ ਦਾ ਇਕੱਠ 14 ਜਨਵਰੀ ਦਿਨ ਐਤਵਾਰ ਨੂੰ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਿਖੇ ਕੀਤਾ ਜਾਵੇਗਾ। ਜਿਸ ਵਿਚ ਗਜਟਿਡ ਛੁੱਟੀ ਨੂੰ ਬਹਾਲ ਕਰਵਾਉਣ ਲਈ ਭਾਈਚਾਰੇ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰੋਸ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਤੇ ਚੇਅਰਮੈਨ ਕੇਵਲ ਕ੍ਰਿਸ਼ਨ, ਗੁਰਬਚਨ ਸਿੰਘ, ਨੰਦ ਲਾਲ ਕਲਿਆਣਪੁਰ, ਡਾ. ਰਤਨ ਚੰਦ ਲੇਹਲ, ਮਹੇਸ਼ ਲਾਲ, ਰਜੇਸ਼ ਭਗਤ, ਸੱਤਪਾਲ ਸੋਹਲ, ਕਰਮ ਚੰਦ, ਪ੍ਰੇਮ ਪਾਲ ਭਗਤ, ਕੁਲਦੀਪ ਜੱਜ, ਰਾਮ ਲੁਭਾਇਆ, ਜਨਕ ਰਾਜ, ਕੁੰਦਨ ਲਾਲ, ਕੀਮਤੀ ਲਾਲ, ਰੋਹਿਤ ਭਗਤ, ਸੁਭਾਸ਼ ਚੰਦਰ, ਪਵਨ ਕੁਮਾਰ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਸਾਂਈਦਾਸ ਭਗਤ, ਤਰਲੋਕ ਲਾਲ, ਮੰਗਤ ਰਾਮ, ਸਾਧੂ ਰਾਮ, ਜੀਤ ਰਾਮ, ਬਰਕਤ ਰਾਮ, ਪ੍ਰੇਮ ਪਾਲ ਆਦਿ ਤੋਂ ਇਲਾਵਾ ਹੋਰ ਆਗੂ ਹਾਜਰ ਸਨ।