ਧੂਰੀ-ਬਰਨਾਲਾ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਲਗਾਏ ਜਾਣ ਵਾਲੇ ਧਰਨੇ ਦੀ ਸਫ਼ਲਤਾ ਲਈ ਪਿੰਡਾਂ ’ਚ ਕੀਤਾ ਝੰਡਾ ਮਾਰਚ

ਧੂਰੀ,04 ਜਨਵਰੀ (ਮਹੇਸ਼ ਜਿੰਦਲ) ਲੋਕ ਸੰਘਰਸ਼ ਐਕਸ਼ਨ ਕਮੇਟੀ ਹਲਕਾ ਧੂਰੀ ਵੱਲੋਂ ਲੰਮੇ ਸਮੇਂ ਤੋਂ ਟੁੱਟ-ਭੱਜ ਤੇ ਖਸਤਾ ਹਾਲਤ ਦਾ ਸ਼ਿਕਾਰ ਚੱਲੀ ਆ ਰਹੀ ਧੂਰੀ-ਬਰਨਾਲਾ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ 5 ਜਨਵਰੀ ਨੂੰ ਧੂਰੀ ਵਿਖੇ ਦਿੱਤੇ ਜਾਣ ਵਾਲੇ ਰੋਸ ਧਰਨੇ ਦੀ ਸਫਲਤਾ ਲਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਅੱਜ ਐਕਸ਼ਨ ਕਮੇਟੀ ਦੇ ਕਨਵੀਨਰ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਝੰਡਾ ਮਾਰਚ ਕੀਤਾ ਗਿਆ। ਐਕਸ਼ਨ ਕਮੇਟੀ ਦੇ ਆਗੂ ਮੇਜਰ ਸਿੰਘ ਪੁੰਨਾਂਵਾਲ ਡਾ.ਅਨਵਰ ਭਸੌੜ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੰਡਾ ਮਾਰਚ ਦੌਰਾਨ ਪਿੰਡ ਬੁਗਰਾ, ਰਣੀਕੇ, ਮੂਲੋਵਾਲ, ਸੁਲਤਾਨਪੁਰ, ਰੰਗੀਆਂ, ਕੰੁਭੜਵਾਲ, ਧੰਦੀਵਾਲ, ਹਸਨਪੁਰ ਤੇ ਕੱਕੜਵਾਲ ਸਮੇਤ ਦਰਜਨਾਂ ਪਿੰਡਾਂ ’ਚ ਝੰਡਾ ਮਾਰਚ ਦੌਰਾਨ ਸੰਬੋਧਨ ਕਰਦਿਆਂ ਲੋਕਾਂ ਨੂੰ ਧਰਨੇ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਉਨਾਂ ਦੱਸਿਆ ਕਿ 5 ਜਨਵਰੀ ਨੂੰ ਸਵੇਰੇ ਪਿੰਡ ਬੁਗਰਾ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ’ਚ ਇਕੱਤਰਤਾ ਕਰਨ ਉਪਰੰਤ ਪਿੰਡ ਬੁਗਰਾ ਤੋਂ ਧੂਰੀ ਦੇ ਕੱਕੜਵਾਲ ਚੌਕ ਤੱਕ ਪੈਦਲ ਰੋਸ ਮਾਰਚ ਕੀਤਾ ਜਾਵੇਗਾ। ਉਪਰੰਤ ਕੱਕੜਵਾਲ ਚੌਕ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਝੰਡਾ ਮਾਰਚ ਦੌਰਾਨ ਸਰਬਜੀਤ ਸਿੰਘ ਅਲਾਲ, ਨਿਰਮਲ ਸਿੰਘ ਘਨੌਰ ਤੇ ਬਾਬੂ ਸਿੰਘ ਪੇਧਨੀ ਵੀ ਹਾਜ਼ਰ ਸਨ।