ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਦਿੱਤੇ ਜਾਣਗੇ 5-5 ਮਰਲੇ ਦੇ ਮੁਫ਼ਤ ਪਲਾਟ- ਤ੍ਰਿਪਤ ਬਾਜਵਾ ਪੰਚਾਇਤ ਵਿਭਾਗ ਨੇ ਯੋਗ ਲਾਭਪਾਤਰੀਆਂ ਕੋਲੋਂ 31 ਜਨਵਰੀ 2018 ਤੱਕ ਕੀਤੀ ਅਰਜ਼ੀਆਂ ਦੀ ਮੰਗ

ਬਟਾਲਾ/ਗੁਰਦਾਸਪੁਰ,2 ਜਨਵਰੀ(ਗੁਲਸ਼ਨ ਕੁਮਾਰ ਰਣੀਆਂ)-ਪੰਜਾਬ ਸਰਕਾਰ ਵੱਲੋਂ ਸਭ ਲਈ ਮਕਾਨ ਮੁਹੱਈਆ ਕਰਾਉਣ ਦੇ ਟੀਚੇ ਦੀ ਪੂਰਤੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮੁਫਤ ਪਲਾਟ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਕਮਿ ਤਹਿਤ ਯੋਗ ਬੇਘਰ ਪਰਿਵਾਰਾਂ ਨੂੰ ਘਰ ਬਣਾਉਣ ਲਈ ੫ ਮਰਲੇ ਤੱਕ ਦੇ ਪਲਾਟ ਮੁਫ਼ਤ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਇਸ ਸਬੰਧੀ ਅਰਜ਼ੀ ਦੇਣ ਲਈ ਫਾਰਮ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੇ ਦਫ਼ਤਰਾਂ ਵਿੱਚੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਇਹ ਅਰਜ਼ੀਆਂ ਆਪਣੇ ਬਲਾਕ ਪੰਚਾਇਤ ਦਫ਼ਤਰ ਵਿੱਚ ਕਿਸੇ ਵੀ ਕੰਮਕਾਜ਼ ਵਾਲੇ ਦਿਨ 31 ਜਨਵਰੀ 2018 ਸ਼ਾਮ 5 ਵਜ਼ੇ ਤਕ ਦਿੱਤੀਆਂ ਜਾ ਸਕਦੀਆਂ ਹਨ । ਪੰਚਾਇਤ ਮੰਤਰੀ ਸ. ਤ੍ਰਿਪਤ ਬਾਜਵਾ ਨੇ ਕਿਹਾ ਕਿ ਮੁਫ਼ਤ ਪਲਾਟ ਲੈਣ ਲਈ ਲਾਭਪਾਤਰੀ ਪਰਿਵਾਰ ਪੰਜਾਬ ਦਾ ਪੱਕਾ ਅਤੇ ਸਬੰਧਤ ਪੰਚਾਇਤ ਦੇ ਅਧਿਕਾਰ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ । ਉਸ ਪਰਿਵਾਰ ਕੋਲ ਕਿਧਰੇ ਵੀ ਕੋਈ ਆਪਣਾ ਪਲਾਟ ,ਮਕਾਨ ਨਾ ਹੋਵੇ ਅਤੇ ਅਰਜ਼ੀ ਦੇਣ ਵਾਲਾ ਵਿਅਕਤੀ ਵਿਆਹਿਆ ਭਾਵ ਪਰਿਵਾਰਸ਼ੁਦਾ ਹੋਣਾ ਚਾਹੀਦਾ ਹੈ । ਇਸ ਸਕੀਮ ਤਹਿਤ ਪਹਿਲਾਂ ਹੀ ਪਲਾਟ ਅਲਾਟ ਕਰਵਾ ਚੁੱਕੇ ਪਰਿਵਾਰ ਦਾ ਵਿਆਹਿਆ ਲੜਕਾ ਵੀ ਇਸ ਸਕੀਮ ਅਧੀਨ ਪਲਾਟ ਲੈਣ ਲਈ ਯੋਗ ਮੰਨਿਆ ਜਾ ਸਕੇਗਾ ਬਸ਼ਰਤ ਕਿ ਉਸ ਕੋਲ ਆਪਣਾ ਕੋਈ ਘਰ ਜਾਂ ਰਿਹਾਇਸ਼ੀ  ਦੇ ਸਬੂਤ ਵਜੋਂ ਅਧਾਰ ਕਾਰਡ ਲਗਾਏ ਜਾਣੇ ਲਾਜ਼ਮੀ ਹਨ । ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਸ. ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਮੁਫ਼ਤ ਪਲਾਟ ਪੂਰੀ ਪਾਰਦਰਸ਼ਤਾ ਨਾਲ ਲੋੜਵੰਦ ਤੇ ਯੋਗ ਪਰਿਵਾਰਾਂ ਨੂੰ ਹੀ ਦਿੱਤੇ ਜਾਣਗੇ ।