ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਅਤੇ ਵਰਤੋਂ `ਤੇ ਮੁਕੰਮਲ ਪਾਬੰਦੀ

ਸੰਗਰੂਰ,02 ਜਨਵਰੀ (ਸਪਨਾ ਰਾਣੀ): ਵਧੀਕ ਜਿਲ੍ਹਾ ਮੈਜਿਸਟਰੇਟ ਸੰਗਰੂਰ ਸ. ਉਪਕਾਰ ਸਿੰਘ ਨੇ ਦੀ ਧਾਰਾ 144 ਅਧੀਨ ਸੰਗਰੂਰ ਵਿੱਚ ਪੈਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ ਉਡਾਉਣ ਲਈ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ,ਭੰਡਾਰ ਕਰਨ ਅਤੇ ਇਸ ਦੀ ਵਰਤੋਂ ਕਰਨ `ਤੇ ਮੁਕੰਮਲ ਤੌਰ `ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅੱਜ ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹਟ ਕੇ ਸਿੰਥੈਟਿਕ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ,ਨਾ-ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੈ । ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ,ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ। ਸਾਈਕਲ ਅਤੇ ਸਕੂਲ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ,ਉਡੱਦੇ ਪੰਛੀਆਂ ਦੇ ਫਸ ਜਾਣ ਤੇ ਉਨ੍ਹਾਂ ਦੇ ਮਰਨ ਬਾਰੇ ਕਾਫ਼ੀ ਘਟਨਾਵਾਂ ਵਾਪਰਦੀਆਂ ਹਨ। ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ਅਤੇ ਉਨ੍ਹਾਂ ਦੇ ਰੁੱਖਾਂ `ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਇਸ ਤਰ੍ਹਾਂ ਸਿੰਥੈਟਿਕ/ ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਸਿੰਥੈਟਿਕ ਪਲਾਸਟਿਕ ਦੀ ਬਣੀ ਡੋਰ ਨੂੰ ਪਤੰਗਾਂ ਲਈ ਵਰਤਣ ਵਾਸਤੇ ਵੇਚਣ,ਭੰਡਾਰ ਕਰਨ ਅਤੇ ਇਸ ਦੀ ਵਰਤੋਂ `ਤੇ ਰੋਕ ਲਗਾਉਣ ਲਈ ਕਦਮ ਚੁੱਕਣ ਦੀ ਅਤਿਅੰਤ ਲੋੜ ਮਹਿਸੂਸ ਕੀਤੀ ਗਈ ਹੈ । ਇਹ ਹੁਕਮ 3 ਮਾਰਚ 2018 ਤੱਕ ਲਾਗੂ ਰਹਿਣਗੇ ।