ਟੋਲ ਪਲਾਜੇ ਤੇ ਬਦਲਵੇਂ ਰਸਤੇ ’ਤੇ ਲੋਕਾਂ ਦੇ ਸਹਿਯੋਗ ਨਾਲ ਨਿੱਜੀ ਖਰਚੇ ’ਤੇ ਪੱਕੀ ਸੜਕ ਬਣਾਉਣ ਦਾ ਕੰਮ ਸ਼ੁਰੂ – ਗੋਲਡੀ ਖੰਗੂੜਾ

ਧੂਰੀ,29 ਦਸੰਬਰ (ਮਹੇਸ਼ ਜਿੰਦਲ): ਲੰਘੀਆਂ ਵਿਧਾਨ ਸਭਾ ਚੋਣਾਂ ਅਤੇ ਜ਼ਿਮਨੀ ਚੋਣ ਵੇਲੇ ਸਿਆਸਤ ਦਾ ਮੁੱਦਾ ਬਣੇ ਪਿੰਡ ਲੱਡਾ ਨੇੜੇ ਸਥਾਪਿਤ ਕੀਤੇ ਗਏ ਟੋਲ ਪਲਾਜ਼ੇ ਨੂੰ ਮੁੱਢ ਦੇ ਦਿਨਾਂ ਤੋਂ ਹੀ ਚੁਕਵਾਉਣ ਲਈ ਸੰਘਰਸ਼ ਅਤੇ ਬਦਲਵੇਂ ਰਸਤੇ ਦੀ ਮੁਰੰਮਤ ਕਰਕੇ ਲੋਕਾਂ ’ਚ ਅਹਿਮ ਸਥਾਨ ਬਣਾ ਚੁੱਕੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਹੁਣ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੀ ਵਿਧਾਨ ਸਭਾ ਚੋਣਾਂ ਵੇਲੇ ਹਲਕੇ ਦੇ ਲੋਕਾਂ ਨਾਲ ਇਸ ਟੋਲ ਪਲਾਜੇ ਤੋਂ ਰਾਹਤ ਦਿਵਾਉਣ ਜਾਂ ਟੋਲ ਪਲਾਜੇ ਦੇ ਬਦਲਵੇਂ ਰਸਤੇ ਤੇ ਨਿੱਜੀ ਖਰਚੇ ’ਤੇ ਪੱਕੀ ਸੜਕ ਬਣਾਉਣ ਦੇ ਕੀਤੇ ਵਾਅਦੇ ਨੂੰ ਮਹਿਜ਼ ਅੱਠ ਮਹੀਨਿਆਂ ਦੇ ਸਮੇਂ ਦੌਰਾਨ ਹੀ ਪੂਰਾ ਕਰਕੇ ਵਿਰੋਧੀਆਂ ਦੀਆਂ ਬੋਲਤੀਆ ਬੰਦ ਕਰ ਦਿੱਤੀਆਂ ਹਨ। ਜਿਕਰਯੋਗ ਹੈ ਕਿ ਅਕਾਲੀ-ਦਲ ਭਾਜਪਾ ਦੀ ਸਰਕਾਰ ਵੇਲੇ ਹਲਕੇ ’ਚ ਸਥਾਪਿਤ ਹੋਏ ਇਸ ਟੋਲ ਪਲਾਜਾ ਨੂੰ ਚੁਕਵਾਉਣ ਲਈ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਕੇ ਵਿਧਾਨ ਸਭਾ ’ਚ ਪੁੱਜੇ ਦਲਵੀਰ ਸਿੰਘ ਗੋਲਡੀ ਨੇ ਚੁਕਵਾਉਣ ਜਾਂ ਇਸ ਕੱਚੇ ਰਸਤੇ ਤੇ ਪੱਕੀ ਸੜਕ ਬਣਵਾਉਣ ਦਾ ਵਾਅਦਾ ਕੀਤਾ ਸੀ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਮੈਂ ਨਾ ਹੀ ਕੋਈ ਲੀਡਰ ਹਾਂ ਅਤੇ ਨਾ ਹੀ ਲੀਡਰਾਂ ਵਾਲੇ ਵਾਅਦੇ ਮੈਨੂੰ ਕਰਨੇ ਆਉ ਹਨ, ਮੈਂ ਇਸ ਹਲਕੇ ਦਾ ਜੰਮਪਲ ਹੋਣ ਕਰਕੇ ਮੈਨੂੰ ਇਹ ਗੱਲ ਮਹਿਸੂਸ ਹੋਈ ਕਿ ਸੰਗਰੂਰ ਜਾਣ ਵਾਲੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਵੱਜ ਰਿਹਾ ਹੈ, ਜਿਸ ਵਿਰੁੱਧ ਵੀ ਉਨਾਂ ਵੱਲੋਂ ਵਿਧਾਇਕ ਬਣਨ ਤੋਂ ਪਹਿਲਾਂ ਅਵਾਜ਼ ਉਠਾਉਂਦਿਆਂ ਇਥੇ ਟੋਲ ਦੇ ਬਦਲਵੇਂ ਰਸਤੇ ਨੂੰ ਦੋ ਵਾਰ ਮੁਰੰਮਤ ਕਰਕੇ ਲੋਕਾਂ ਨੂੰ ਆਰਜੀ ਰਾਹਤ ਦਿਵਾਈ ਗਈ, ਉਥੇ ਇਸ ਟੋਲ ਪਲਾਜਾ ਦੇ ਵਿਰੋਧ ਕਰਨ ਬਦਲੇ ਉਨਾਂ ਤੇ ਉਸ ਵੇਲੇ ਪੁਲਿਸ ਵੱਲੋਂ ਮੁੱਕਦਮਾ ਵੀ ਦਰਜ਼ ਕੀਤਾ ਗਿਆ ਸੀ, ਪਰ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ਼ ਕਾਰਨ ਉਨਾਂ ਦੇ ਹੌਸਲੇ ਪਸਤ ਨਹੀਂ ਹੋਏ, ਸਗੋਂ ਮੁੱਕਦਮਾ ਦਰਜ਼ ਹੋਣ ਵੇਲੇ ਉਨਾਂ ਨੇ ਪੱਕੇ ਤੌਰ ’ਤੇ ਮਨ ਵਿੱਚ ਧਾਰ ਲਈ ਸੀ ਕਿ ਉਹ ਇਸ ਟੋਲ ਪਲਾਜੇ ਤੋਂ ਲੋਕਾਂ ਨੂੰ ਰਾਹਤ ਦਿਵਾ ਕੇ ਹੀ ਹੱਟਣਗੇ।
ਉਨਾਂ ਕਿਹਾ ਕਿ ਪਿੰਡ ਬੇਨੜਾ ਤੋਂ ਪਿੰਡ ਲੱਡਾ ਤੱਕ ਪੌਣੇ ਦੋ ਕਿਲੋਮੀਟਰ ਲੰਬੇ ਰਸਤੇ ਤੇ 20/22 ਲੱਖ ਰੁਪੈ ਦੀ ਲਾਗਤ ਨਾਲ ਲੋਕਾਂ ਦੇ ਸਹਿਯੋਗ ਨਾਲ ਨਿੱਜੀ ਖਰਚੇ ਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜੋ ਮਹਿਜ਼ ਕੁੱਝ ਕੁ ਦਿਨਾਂ ’ਚ ਹੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ।ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ, ਜਿਸਦੀ ਲੜੀ ਤਹਿਤ ਹਲਕੇ ਲਈ ਫਾਇਰ ਬਿਗ੍ਰੇਡ ਦਾ ਪ੍ਰਬੰਧ, ਜਹਾਂਗੀਰ ਪੁਲ ਦਾ ਨਿਰਮਾਣ, ਜਹਾਂਗੀਰ ਤੋ ਕੱਚੇ ਰਸਤੇ ਤੇ ਇੱਟਾਂ ਲਗਵਾਉਣਾ ਸਮੇਤ ਹੁਣ ਟੋਲ ਪਲਾਜੇ ਦੇ ਬਦਲਵੇਂ ਰਸਤੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਉਨਾਂ ਵਿਰੋਧੀ ਧਿਰਾਂ ’ਚ ਅਕਾਲੀ-ਦਲ ਅਤੇ ਆਪ ਨੂੰ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਰਾਜ ਸਭਾ ਸ੍ਰ: ਸੁਖਦੇਵ ਸਿੰਘ ਢੀਂਡਸਾ ਅਤੇ ਆਪ ਦੇ ਸਾਂਸਦ ਭਗਵੰਤ ਮਾਨ ਨੇ ਇਸ ਟੋਲ ਪਲਾਜਾ ਸਬੰਧੀ ਆਪਣੇ ਸਾਢੇ 3 ਸਾਲ ਦੇ ਕਾਰਜਕਾਲ ਦੌਰਾਨ ਕੁੱਝ ਵੀ ਨਹੀਂ ਕੀਤਾ, ਉਨਾਂ ਟੋਲ ਪਲਾਜਾਂ ਬਾਰੇ ਮਨਘੜਤ ਅਫਵਾਹਾਂ ਬਣਾ ਕੇ ਫੈਲਾਉਣ ਵਾਲੇ ਵਿਰੋਧੀਆ ਨੂੰ ਸਵਾਲ ਕਰਦਿਆਂ ਕਿਹਾ ਕਿ ਇਹ ਸੜਕ ਤੇ ਹੁਣ ਇਕੱਲੇ ਕਾਂਗਰਸੀ ਨਹੀਂ, ਸਗੋਂ ਅਕਾਲੀ ਦਲ ਅਤੇ ਆਪ ਵਾਲੇ ਵੀ ਲੰਘਣਗੇ।
ਉਨਾਂ ਕਿਹਾ ਕਿ ਪਿੰਡ ਬੇਨੜਾਂ ਤੋਂ ਲੱਡਾ ਤੱਕ ਇਹ ਸੜਕ ਬਣਨ ਨਾਲ ਧੂਰੀ ਹਲਕੇ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਦਿੱਲੀ ਤੋਂ ਅੰਮਿ੍ਰਤਸਰ ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ, ਉਥੇ ਇਸ ਪੱਟੜੀ ਦੇ ਨਾਲ ਲੱਗਦੇ ਕਿਸਾਨਾਂ ਨੂੰ ਵੀ ਆਪਣੇ ਖੇਤਾਂ ’ਚ ਜਾਣ ਲਈ ਸੋਖ ਹੋਵੇਗੀ। ਉਨਾਂ ਕਿਹਾ ਕਿ ਬੇਨੜਾ ਤੋਂ ਰਜਵਾਹੇ ਦੀ ਪੱਟੜੀ ਦੇ ਚੜਣ ਵਾਲੇ ਪੁਲ ਦੀ ਵੀ ਖਸਤਾ ਹਾਲਤ ਹੋਣ ਕਾਰਨ ਇਹ ਪੁਲ ਨੂੰ ਵੀ ਤੋੜ ਕੇ ਨਵੀਂ ਉਸਾਰੀ ਕਰਵਾਈ ਜਾ ਰਹੀ ਹੈ।

ਇਸ ਮੌਕੇ ਹਨੀ ਤੂਰ, ਇੰਦਰਜੀਤ ਸਿੰਘ ਕੱਕੜਵਾਲ, ਹਨੀ ਤੂਰ, ਯੂਥ ਕਾਂਗਰਸ ਦੇ ਪ੍ਰਧਾਨ ਮਿੱਠੂ ਲੱਡਾ, ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਉੱਪ ਚੇਅਰਮੈਨ ਅੱਛਰਾ ਸਿੰਘ ਭਲਵਾਨ, ਬਲਾਕ ਸੰਮਤੀ ਮੈਂਬਰ ਇੰਦਰਪਾਲ ਸਿੰਘ ਗੋਲਡੀ, ਮਾਰਕਿਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਸਮੇਤ ਪਿੰਡ ਲੱਡਾ ਅਤੇ ਬੇਨੜਾ ਦੇ ਨਗਰ ਨਿਵਾਸੀ ਵੱਡੀ ਗਿਣਤੀ ’ਚ ਹਾਜਰ ਸਨ।