ਕਿਸਾਨਾਂ ਨਾਲ ਕਰੋੜਾਂ ਰੁਪੈ ਦੀ ਠੱਗੀ ਮਾਰ ਕੇ ਵਿਦੇਸ਼ ਭੱਜਣ ਵਾਲੇ ਆੜਤੀਏ ਨੂੰ ਕਾਬੂ ਕਰਨ ’ਚ ਡੀ.ਐੱਸ.ਪੀ. ਧੂਰੀ ਵੱਲੋਂ ਭੂਮਿਕਾ ਦੀ ਲੋਕਾਂ ਵੱਲੋਂ ਸ਼ਲਾਘਾ

ਧੂਰੀ,29 ਦਸੰਬਰ (ਮਹੇਸ਼ ਜਿੰਦਲ): ਲੰਘੇ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਸਥਾਨਕ ਅਨਾਜ ਮੰਡੀ ਅਤੇ ਖਰੀਦ ਕੇਂਦਰ ਮੂਲੋਵਾਲ ਵਿਖੇ ਆੜਤ ਦਾ ਕੰਮ ਕਰਦੇ ਸਤਨਾਮ ਸਿੰਘ ਲੱਡਾ ਨਾਮੀਂ ਆੜਤੀਆ ਧੂਰੀ ਅਨਾਜ ਮੰਡੀ ਵਿਖੇ ਚਰਨਜੀਤ ਸਿੰਘ ਨਾਮੀਂ ਆੜਤੀਏ ਦੁਕਾਨ ’ਚੋਂ 83 ਲੱਖ 50 ਹਜਾਰ ਰੁਪੈ ਦੇ ਚੈਕ ਚੋਰੀ ਕਰਕੇ ਲਿਜਾਣ ਸਮੇਤ ਦਰਜਨਾਂ ਆੜਤੀਆ ਵੱਲੋਂ ਵੇਚੀ ਝੋਨੇ ਦੀ ਫ਼ਸਲ ਦੇ 1 ਕਰੋੜ 57 ਲੱਖ ਰੁਪੈ ਲੈ ਕੇ ਵਿਦੇਸ਼ ਫਰਾਰ ਹੋਣ ਤੋਂ ਬਾਅਦ ਪੁਲਿਸ ਵੱਲੋਂ 8 ਨਵੰਬਰ ਨੂੰ ਥਾਣਾ ਸਦਰ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਦੋ ਵੱਖ-ਵੱਖ ਮੁੱਕਦਮੇ ਦਰਜ਼ ਕਰਕੇ ਉਸਨੂੰ ਕਾਬੂ ਕਰਨ ਦੇ ਯਤਨ ਆਰੰਭੇ ਗਏ ਸਨ ਅਤੇ ਇਸ ਦੌਰਾਨ ਡੀ.ਐੱਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਵੱਲੋਂ ਆਪਣੇ ਵਿਭਾਗੀ ਯਤਨਾਂ ਤੋਂ ਇਲਾਵਾ ਕੀਤੇ ਨਿੱਜੀ ਯਤਨਾਂ ਸਦਕਾ ਕੇਂਦਰੀ ਇੰਟੈਲੀਜੈਂਸ ਅਤੇ ਪੰਜਾਬ ਇੰਟਲੀਜੈਂਸ ਨਾਲ ਰਾਬਤਾ ਕਾਇਮ ਕਰਦਿਆਂ ਕਿਸਾਨਾਂ ਦੇ ਕਰੋੜਾਂ ਰੁਪੈ ਲੈ ਕੇ ਭੱਜੇ ਸਤਨਾਮ ਸਿੰਘ ਦਾ ਥਾਈਲੈਂਡ ਵਿੱਚ ਹੋਣ ਦੀ ਸੂਹ ਲਾਉਂਦਿਆਂ ਉਸਨੂੰ ਉਥੋ ਦੀ ਸਰਕਾਰ ਨਾਲ ਰਾਬਤਾ ਬਣਾ ਕੇ ਉਸਨੂੰ ਡਿਪੋਰਟ ਕਰਵਾਇਆ ਗਿਆ, ਜਿਸਨੂੰ ਪਿਛਲੇ ਦਿਨੀਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਨਵੀਂ ਦਿੱਲੀ ਤੋਂ ਕਾਬੂ ਕਰਕੇ ਲਿਆਉਣ ਉਪਰੰਤ ਅਦਾਲਤ ਰਾਹੀਂ ਹਾਸਲ ਕੀਤੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਪਾਸੋਂ 57 ਲੱਖ ਰੁਪੈ ਦੀ ਨਕਦੀ ਅਤੇ 2 ਕਿਲੋ 6.29 ਗ੍ਰਾਮ ਸੋਨਾ ਬਰਾਮਦ ਕਰਵਾਇਆ ਗਿਆ। ਕਿਸਾਨਾਂ ਦੇ ਕਰੋੜਾਂ ਰੁਪੈ ਲੈ ਕੇ ਭੱਜੇ ਉਕਤ ਆੜਤੀਏ ਨੂੰ ਵਿਦੇਸ਼ ’ਚ ਹੋਣ ਦੇ ਬਾਵਜੂਦ ਕੁੱਝ ਸਮੇਂ ’ਚ ਹੀ ਗਿ੍ਰਫਤਾਰ ਕਰਨ ਲਈ ਕੀਤੇ ਗਏ ਡੀ.ਐੱਸ.ਪੀ. ਧੂਰੀ ਅਕਾਸ਼ਦੀਪ ਸਿੰਘ ਔਲਖ ਦੇ ਯਤਨਾਂ ਨਾਲ ਜਿੱਥੇ ਆੜਤੀਆ ਦੀ ਡੁੱਬੀ ਰਕਮ ਉਨਾਂ ਨੂੰ ਮਿਲਣ ਦੀ ਆਸ ਬੱਝੀ ਹੈ, ਉਥੇ ਉਨਾਂ ਦੇ ਅਜਿਹੇ ਯਤਨਾਂ ਦੀ ਕਿਸਾਨਾਂ, ਆੜਤੀਆ ਅਤੇ ਆਮ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਮੰਗ ਹੈ ਕਿ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕਰਕੇ ਮਿਹਨਤੀ ਅਧਿਕਾਰੀ ਦੀ ਹੌਸਲਾ ਅਫ਼ਜਾਈ ਕੀਤੀ ਜਾਵੇ।