ਬਟਾਲਾ ਪੁਲਿਸ ਨੇ ਚਾਈਨੀਜ਼ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆਂ ਤੇ ਕੱਸਿਆ ਸਿਕੰਜਾ  ਪਲਾਸਟਿਕ ਡੋਰ ਵੇਚਣ ਤੇ ਵਰਤਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ-ਐਸ.ਐਸ.ਪੀ. ਬਟਾਲਾ

ਬਟਾਲਾ,29 ਦਸੰਬਰ(ਗੁਲਸ਼ਨ ਕੁਮਾਰ ਰਣੀਆਂ)-ਪੰਜਾਬ ਸਰਕਾਰ ਵੱਲੋਂ ਰਾਜ ਵਿਚ ਚਾਈਨੀਜ਼ ਡੋਰ ਦੀ ਸਪਲਾਈ ਅਤੇ ਵਿਕਰੀ ਤੇ ਪੂਰਨ ਪਾਬੰਦੀ ਲਗਾਉਣ ਤੋਂ ਬਾਅਦ ਬਟਾਲਾ ਪੁਲਿਸ ਨੇ ਇਸਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ । ਐਸ.ਐਸ.ਪੀ. ਬਟਾਲਾ ਸ. ਓੁਪਿੰਦਰਜੀਤ ਸਿੰਘ ਘੁੰਮਣ ਨੇ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪਲਾਸਟਿਕ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇ । ਸ. ਘੁੰਮਣ ਨੇ ਦੁਹਰਾਇਆ ਹੈ ਕਿ ਪੁਲਿਸ ਜ਼ਿਲ੍ਹਾ ਬਟਾਲਾ ਚ ਇਹ ਪਾਬੰਦੀਸ਼ੁਦਾ ਡੋਰ ਕਿਸੇ ਸੂਰਤ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ । ਐਸ.ਐਸ.ਪੀ. ਬਟਾਲਾ ਦੇ ਨਿਰਦੇਸ਼ਾਂ ਤਹਿਤ ਬਟਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਬੀਤੇ ਕੱਲ੍ਹ ਥਾਣਾ ਸਿਟੀ ਅਤੇ ਸਿਵਲ ਲਾਈਨ ਦੀ ਪੁਲਿਸ ਵੱਲੋਂ ਪਾਲਸਟਿਕ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ । ਇਸ ਤੋਂ ਇਲਾਵਾ ਦਿਹਾਤੀ ਖੇਤਰ ਦੇ ਥਾਣਿਆਂ ਦੀ ਪੁਲਿਸ ਨੂੰ ਵੀ ਇਸ ਸਬੰਧੀ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਐਸ.ਐਸ.ਪੀ. ਬਟਾਲਾ ਸ. ਓੁਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਨਾਈਲੋਨ ਅਤੇ ਸਿੰਥੈਟਿਕ ਡੋਰ ਕਾਰਨ ਕਈ ਮਨੁੱਖੀ ਜਾਨਾ ਜਾ ਚੁੱਕਿਆਂ ਹਨ । ਅਤੇ ਇਸ ਡੋਰ ਨਾਲ ਪਸ਼ੂ-ਪੰਛੀਆਂ ਅਤੇ ਧਰਤੀ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਾਈਨੀਜ਼ ਡੋਰ ਦਾ ਉਤਪਾਦਨ,ਵਿਕਰੀ,ਭੰਡਾਰਨ,ਅਤੇ ਪੰਤਗ ਉੜਾਉਣ ਲਈ ਨਾਈਲੋਨ ਦੀ ਵਰਤੋਂ ਤੋਂ ਬਣੀ ਡੋਰ ਦੀ ਵਰਤੋਂ ਤੇ ਪੂਰਨ ਪਾਬੰਧੀ ਲਗਾਈ ਗਈ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਜਾਂ ਵਰਤੋਂ ਕਰਦਾ ਹੈ ਤਾਂ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ । ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਮਨੁੱਖੀ ਜਾਨਾਂ,ਪੰਛੀਆਂ ਤੇ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਪਤੰਗਬਾਜ਼ੀ ਲਈ ਸਿਰਫ ਸੂਤੀ ਧਾਗੇ ਤੋਂ ਬਣੀ ਡੋਰ ਦੀ ਵਰਤੋਂ ਹੀ ਕਰਨ ।