ਬੇਗਮਪੁਰਾ ਟਾਈਗਰ ਫੋਰਸ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਪੋਸਟ ਮੈਟ੍ਰਿਕੁਲੇਸ਼ਨ ਸਕੀਮ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੀਤੀ ਮੰਗ

ਹੁਸ਼ਿਆਰਪੁਰ, 27 ਦਸੰਬਰ (ਤਰਸੇਮ ਦੀਵਾਨਾ): ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਤਹਿਸੀਲਦਾਰ ਹੁਸ਼ਿਆਰਪੁਰ ਦੇ ਨਾਮ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਮੰਗਪੱਤਰ ਦਿੰਦਿਆਂ ਫੋਰਸ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਐਸ.ਸੀ., ਬੀ.ਸੀ.ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪੋਸਟ ਮੈਟ੍ਰਿਕੁਲੇਸ਼ਨ ਸਕੀਮ ਜਿਸ ਤਹਿਤ ਵਿਦਿਆਰਥੀਆਂ ਨੂੰ ਪੜਾਈ ਵਿੱਚ ਸਕਾਲਰਸ਼ਿਪ ਮਿਲਦੀ ਹੈ ਅਤੇ ਉਹਨਾਂ ਦੀਆਂ ਫੀਸਾਂ ਮੁਆਫ ਹੁੰਦੀਆਂ ਹਨ ਪਰ ਇਸ ਦੇ ਉਲਟ ਇਸ ਸਕੀਮ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਨੇਕਾਂ ਸ਼ਰਤਾਂ ਲਗਾਉਣ ਕਰਕੇ ਵਿਦਿਆਰਥੀਆਂ ਦੀ ਕਾਫੀ ਖੱਜਲ ਖੁਆਰੀ ਹੋ ਰਹੀ ਹੈ। ਵਿਦਿਆਰਥੀਆਂ ਕੋਲੋਂ ਉਹਨਾਂ ਦੇ ਮਾਂ ਬਾਪ ਦੇ ਅਧਾਰ ਕਾਰਡ, ਸਕਾਲਰਸ਼ਿਪ ਦੇ ਫਾਰਮ ਭਰਨ ਸਮੇਂ ਜਰੂਰੀ ਮੰਗੇ ਗਏ ਹਨ। ਅਧਾਰ ਕਾਰਡਾਂ ਵਿੱਚ ਅਨੇਕਾਂ ਤਰੁਟੀਆਂ ਹੋਣ ਕਰਕੇ ਵਿਦਿਆਰਥੀਆਂ ਦੇ ਫਾਰਮ ਜਿਹੜੇ ਕਿ ਆਨਲਾਈਨ ਭਰੇ ਗਏ, ਸਿੱਖਿਆ ਵਿਭਾਗ ਦੇ ਪੋਰਟਲ ਨੇ ਸਵੀਕਾਰ ਨਹੀਂ ਕੀਤੇ ਜਿਸ ਕਾਰਣ ਵਿਦਿਆਰਥੀਆਂ ਦੀ ਸਕਾਲਰਸ਼ਿਪ ਤੇ ਰੋਕ ਲੱਗ ਗਈ ਅਤੇ ਕਾਲੇਜਾਂ ਵੱਲੋਂ ਇਮਤਿਹਾਨਾਂ ਦੇ ਬਿਲਕੁਲ ਕਰੀਬ ਆ ਕੇ ਰੋਲ ਨੰਬਰ ਫੀਸ ਦੀ ਮੰਗ ਕੀਤੀ ਗਈ ਜਿਸ ਨਾਲ ਗਰੀਬ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਵੈਬਸਾਈਟ ਪੋਰਟਲ ਤੇ ਜਿਆਦਾ ਲੋਡ ਹੋਣ ਕਰਕੇ ਸਾਈਟ ਜਿਆਦਾਤਰ ਬੰਦ ਹੀ ਰਹੀ ਜਿਸ ਕਾਰਣ ਬੱਚਿਆਂ ਦੇ ਸਕਾਲਰਸ਼ਿਪ ਫਾਰਮ ਜਮਾ ਨਹੀਂ ਹੋ ਸਕੇ। ਬੇਗਮਪੁਰਾ ਟਾਈਗਰ ਫੋਰਸ ਦੇ ਅਹੁੱਦੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਪੜਾਈ ਸੰਬੰਧੀ ਕੋਈ ਵੀ ਦਸਤਾਵੇਜ ਜਿਵੇਂ ਕਿ ਅਧਾਰ ਕਾਰਡ ਵਿੱਚ ਤਰੁਟੀ, ਆਮਦਨ ਸੰਬੰਧੀ ਸਰਟੀਫਿਕੇਟ, ਤਹਿਸੀਲ ਪੱਧਰ ਤੇ ਤਹਿਸੀਲਦਾਰ ਨੂੰ ਤੁਰੰਤ ਹੁਕਮ ਜਾਰੀ ਕਰਕੇ ਬਣਾਏ ਜਾਣ ਤਾਂ ਜੋ ਐਸ.ਸੀ., ਬੀ.ਸੀ. ਵਿਦਿਆਰਥੀਆਂ ਨੂੰ ਪੜਾਈ ਸੰਬੰਧੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਕਾਲਰਸ਼ਿਪ ਫਾਰਮ ਪਹਿਲਾਂ ਦੀ ਤਰਾਂ ਕਾਲੇਜਾਂ ਵਿੱਚ ਹੀ ਲਏ ਜਾਣ। ਇਸ ਮੌਕੇ ਤੇ ਚੇਅਰਮੈਨ ਤਰਸੇਮ ਦੀਵਾਨਾ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਜਨਰਲ ਸਕੱਤਰ ਅਵਤਾਰ ਬਸੀ ਖਵਾਜੂ, ਜਿਲਾ ਪ੍ਰਧਾਨ ਅਮਰਜੀਤ ਸੰਧੀ, ਉਪ ਪ੍ਰਧਾਨ ਦੇਵ ਰਾਜ, ਸਿਟੀ ਉਪ ਪ੍ਰਧਾਨ ਸੁਖਦੇਵ, ਜੁਝਾਰ, ਰਮਨਜੀਤ ਆਦਿ ਸ਼ਾਮਿਲ ਸਨ।