ਮਈ 2018 ਚ ਕਰਾਈਆਂ ਜਾਣਗੀਆਂ ਪੰਚਾਇਤੀ ਚੌਣਾਂ-ਤ੍ਰਿਪਤ ਬਾਜਵਾ  50 ਫੀਸਦੀ ਪੰਚਾਇਤਾਂ ਚ ਬੀਬੀਆਂ ਬਣਗੀਆਂ ਪੰਚ ਤੇ ਸਰਪੰਚ

ਬਟਾਲਾ/ਗੁਰਦਾਸਪੁਰ,24 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪੰਚਾਇਤੀ ਚੌਣਾਂ ਅਗਲੇ ਸਾਲ ਮਈ ਮਹੀਨੇ ਵਿੱਚ ਕਰਾਈਆਂ ਜਾਣਗੀਆਂ । ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਹਰਸੀਆਂ ਵਿਖੇ ਖੇਡ ਮੇਲੇ ਦੌਰਾਨ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ  ਪੰਚਾਇਤੀ ਚੋਣਾਂ ਦੌਰਾਨ ਔਰਤਾਂ ਦਾ ਰਾਖਵਾਂਕਰਨ 50 ਫੀਸਦੀ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਲੜ੍ਹਨ ਦੀਆਂ ਚਾਹਵਾਨ ਔਰਤਾਂ ਨੂੰ ਹੁਣ ਤੋਂ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ । ਸ. ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰਤਾਂ ਨੂੰ ਸੂਬੇ ਦੇ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣਾ ਚਾਹੁੰਦੀ ਹੈ । ਇਸੇ ਮਕਸਦ ਤਹਿਤ ਪੰਚਾਇਤੀ ਚੌਣਾਂ ਅਤੇ ਸਥਾਨਕ ਸਰਕਾਰਾਂ ਦੀ ਚੌਣਾਂ ਵਿੱਚ ਅੋਰਤਾਂ ਨੂੰ ਮਰਦਾਂ ਦੇ ਬਰਾਬਰ ਰਾਖਵਾਂਕਰਨ ਦਿੱਤਾ ਗਿਆ ਹੈ । ਸ. ਬਾਜਵਾ ਨੇ ਕਿਹਾ ਕਿ ਪਿੰਡਾਂ ਵਿੱਚ ਵਾਰਡਬੰਦੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਅਤੇ ਪਿਛਲੀ ਅਕਾਲੀ ਸਰਕਾਰ ਵੱਲੋਂ ਗਲਤ ਬਣਾਏ ਵਾਰਡਾਂ ਦੀ ਦੁਬਾਰਾ ਹੱਦਬੰਦੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਪੰਚਾਇਤੀ ਚੌਣਾਂ ਬਿਲਕੁਲ ਨਿਰਪੱਖਤਾ ਨਾਲ ਕਰਾਈਆਂ ਜਾਣਗੀਆਂ । ਤਾਂ ਜੋ ਲੋਕਾਂ ਵੱਲੋਂ ਚੁਣੀਆਂ ਚੰਗੀਆਂ ਪੰਚਾਇਤਾਂ ਪਿੰਡਾਂ ਦੇ ਵਿਕਾਸ ਲਈ ਅੱਗੇ ਆ ਸਕਣ । ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਵਿਕਾਸ ਦਾ ਏਜੰਡਾ ਆਪਣੇ ਪਿੰਡਾਂ ਵਿੱਚ ਲਾਗੂ ਕਰਨ ਤਾਂ ਜੋ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਮੀ ਨਾ ਰਹਿ ਸਕੇ । ਉਨ੍ਹਾਂ ਕਿਹਾ ਬਟਾਲਾ ਦੀ ਸਹਿਕਾਰੀ ਖੰਡ ਮਿੱਲ ਨੂੰ ਅਪਗਰੇਡ ਕਰਕੇ ਇਸ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਕਿਸਾਨਾਂ ਨੂੰ ਆਪਣਾ ਗੰਨਾ ਦੂਰ ਦੀਆਂ ਖੰਡ ਮਿੱਲਾਂ ਵਿੱਚ ਨਾ ਲਿਜਾਣਾ ਪਵੇ । ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਚੱਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਬਟਾਲਾ ਮਿੱਲ ਨੂੰ ਪੈਰਾਂ ਸਿਰ ਕਰ ਦਿੱਤਾ ਜਾਵੇਗਾ । ਇਸ ਮੋਕੇ ਬਾਜਵਾ ਨੇ ਪਿੰਡ ਹਹਸੀਆਂ ਨੂੰ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ । ਸਮਾਗਮ ਦੇ ਅਖੀਰ ਵਿੱਚ ਕੈਬਨਿਟ ਮੰਤਰੀ ਬਾਜਵਾ ਨੇ ਖੇਡ ਮੇਲੇ ਦੇ ਜੇਤੂ ਖਿਡਾਰਿਆਂ ਨੂੰ ਇਨਾਮ ਤਕਸੀਮ ਕੀਤੇ । ਇਸ ਮੋਕੇ ਜਤਿੰਦਰਪਾਲ ਸਿੰਘ ਜੋਤੀ,ਟਹਿਲ ਸਿੰਘ,ਬਟਾਲਾ ਸ਼ੂਗਰ ਮਿੱਲ ਦੇ ਜੀ.ਐਮ. ਏ.ਕੇ. ਅਰੋੜਾ,ਸਲਵਿੰਦਰ ਸਿੰਘ,ਬਲਵਿੰਦਰ ਸਿੰਘ ਭੁੱਲਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।