ਸੂਬਾ ਸਰਕਾਰ ਵੱਲੋਂ ਵਾਤਾਵਰਣ ਅਤੇ ਮੌਸਮੀ ਬਦਲਾਅ ਡਾਇਰੈਕਟੋਰੇਟ ਸਥਾਪਿਤ ਕਰਨ ਦਾ ਸਵਾਗਤ –ਵਿਧਾਇਕ ਬਾਜਵਾ 

ਗੁਰਦਾਸਪੁਰ/ਧਾਰੀਵਾਲ 22 ਦਸੰਬਰ(ਗੁਲਸ਼ਨ ਕੁਮਾਰ ਰਣੀਆਂ)-ਪਰਾਲੀ ਸਾੜਨ ਅਤੇ ਪ੍ਰਦੂਸ਼ਣ ਦੀ ਰੋਕਥਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਾਤਾਵਰਣ ਅਤੇ ਮੌਸਮੀ ਬਦਲਾਅ ਸਬੰਧੀ ਡਾਇਰੈਕਟੋਰੇਟ ਦੀ ਸਥਾਪਨਾ ਕਰਨ ਦੇ ਫੈਸਲੇ ਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਜੋਰਦਾਰ ਸਵਾਗਤ ਕੀਤਾ ਹੈ । ਸਰਕਾਰ ਦੇ ਇਸ ਫੈਸਲੇ ਦੀ ਸਰਾਹਨਾ ਕਰਦਿਆਂ ਵਿਧਾਇਕ ਸ. ਬਾਜਵਾ ਨੇ ਕਿਹਾ ਕਿ ਇਹ ਡਾਇਰੈਕਟੋਰੇਟ ਬਣਨ ਨਾਲ ਸਨਅਤਾਂ ਨੂੰ ਵਾਤਾਵਰਣ ਸਬੰਧੀ ਪ੍ਰਵਾਨਗੀਆਂ ਦੇਣ ਦੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਅਤੇ ਇਸ ਪ੍ਰਕਿਰਿਆ ਵਿੱਚ ਹੋਰ ਵਧੇਰੇ ਜਵਾਬਦੇਹੀ ਲਿਆਂਦੀ ਜਾ ਸਕੇਗੀ । ਉਨ੍ਹਾਂ ਕਿਹਾ ਕਿ ਇਸ ਤਜਵੀਜ਼ਤ ਡਾਇਰੈਕਟੋਰੇਟ ਨਾਲ ਪੰਜਾਬ ਰਾਜ ਵਿਗਿਆਨ ਤੇ ਤਕਨੀਨ ਕੌਂਸਲ ਵੱਲੋਂ ਤਿਆਰ ਕੀਤੇ ਜੀਵ-ਤਕਨਾਲੋਜੀ / ਜੀਵ-ਵਿਭਿੰਨਤਾ ਅਤੇ ਖੋਜ / ਸਿਫਾਰਸ਼ ਨਾਲ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਤੋਂ ਇਲਾਵਾ ਸਾਫ-ਸੁਥਰੇ ਵਾਤਾਵਰਣ ਨੂੰ ਵੀ ਯਕੀਨੀ ਬਣਾਇਆ ਜਾ ਸਕੇਗਾ । ਉਨ੍ਹਾਂ ਕਿਹਾ ਕਿ ਇਹ ਡਾਇਰੈਕਟੋਰੇਟ ਵਿਗਿਆਨ ,ਤਕਨਾਲੋਜੀ ਤੇ ਵਾਤਾਵਰਣ ਵਿਭਾਗ ਵਿੱਚ ਸਥਾਪਿਤ ਕੀਤਾ ਜਾਵੇਗਾ । ਇਸ ਦਾ ਕੰਮਕਾਜ ਪ੍ਰਦੂਸ਼ਣ ਦੇ ਖਤਰਿਆਂ ਨੂੰ ਖਤਮ ਕਰਨ ਸਬੰਧੀ ਤਕਨੀਕੀ ਮਾਮਲਿਆਂ ਤੇ ਕੇਂਦਰਿਤ ਹੋਵੇਗਾ । ਵਿਧਾਇਕ ਬਾਜਵਾ ਨੇ ਦੱਸਿਆ ਕਿ ਡਾਇਰੈਕਟੋਰੇਟ ਦੀਆਂ ਦੌ ਵੱਖ-ਵੱਖ ਡਵੀਜ਼ਨਾਂ-ਵਾਤਾਵਰਣ ਤੇ ਮੌਸਮੀ ਬਦਲਾਅ ਅਤੇ ਪ੍ਰਦੂਸ਼ਣ ਕੰਟਰੋਲ –ਹੋਣਗੀਆਂ ਜੋ ਸਬੰਧਤ ਮੁੱਦਿਆਂ ਬਾਰੇ ਰਣਨੀਤੀ ਤੇ ਨੀਤੀਕਰਨ ਅਤੇ ਪ੍ਰਦੂਸ਼ਣ ਸਬੰਧੀ ਕਾਨੂੰਨਾਂ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣ ਵੱਲ ਧਿਆਨ ਦੇਣਗੀਆਂ । ਉਨਹਾਂ ਕਿਹਾ ਸੂਬੇ ਦਾ ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਭਾਰਤ ਸਰਕਾਰ,ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ,ਡਿਪਟੀ ਕਮਿਸ਼ਨਰਾਂ,ਸਨਅਤਾਂ,ਪੂੰਜੀਕਾਰਾਂ,ਕਿਸਾਨਾਂ,ਸ਼ਹਿਰੀਆਂ ਅਤੇ ਮੀਡੀਆ ਨਾਲ ਤਾਲਮੇਲ ਕਰਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਲਈ ਵਿਉਂਤਬੰਦੀ ਕਰੇਗਾ ।