29-30 ਅਤੇ 31 ਦਸੰਬਰ ਨੂੰ ਹੋਵੇਗਾ ਕਾਦੀਆਂ ਵਿਖੇ ਅਹਿਮਦੀਆ ਭਾਈਚਾਰੇ ਦਾ ਸਲਾਨਾ ਜਲਸਾ

ਬਟਾਲਾ/ਕਾਦੀਆਂ,20 ਦਸੰਬਰ(ਗੁਲਸ਼ਨ ਕੁਮਾਰ ਰਣੀਆਂ): ਅਹਿਮਦੀਆ ਮੁਸਲਿਮ ਜਮਾਤ ਵੱਲੋਂ ਆਪਣੇ ਅੰਤਰਰਾਸ਼ਟਰੀ ਸਦਰ ਮੁਕਾਮ ਕਾਦੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜਲਸਾ 29-30 ਅਤੇ 31 ਦਸੰਬਰ ਨੂੰ ਕਰਾਇਆ ਜਾ ਰਿਹਾ ਹੈ । ਇਸ ਸਲਾਨਾ ਜਲਸੇ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਅਹਿਮਦੀਆ ਭਾਈਚਾਰੇ ਦੇ ਸ਼ਰਧਾਲੂ ਪਹੁੰਚ ਰਹੇ ਹਨ । ਸਲਾਨਾ ਜਲਸੇ ਦੀਆਂ ਤਿਆਰੀਆਂ ਨੂੰ ਲੈ ਕੇ aੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ.ਗੁਰਲਵਲੀਨ ਸਿੰਘ ਸਿੱਧੂ ਵੱਲੋਂ ਅਹਿਮਦੀਆ ਜਮਾਤ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਾਦੀਆਂ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਐਸ.ਐਸ,ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ,ਐਸ.ਡੀ.ਐਮ.ਬਟਾਲਾ ਸ੍ਰੀ ਰੋਹਿਤ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੀਟੰਗ ਚ ਅਹਿਮਦੀਆ ਭਾਈਚਾਰੇ ਦੇ ਸੈਕਟਰੀ ਜਨਾਬ ਫਜ਼ੁਲ ਉਰ ਰਹਿਮਾਨ ਭੱਟੀ ਨੇ ਦੱਸਿਆ ਕਿ ਕਾਦੀਆਂ ਵਿਖੇ 3 ਦਿਨਾਂ ਸਲਾਨਾ ਜਲਸੇ ਚ ਦੇਸ਼ ਭਰ ਤੋਂ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਕਰੀਬ 8 ਹਜ਼ਾਰ ਸ਼ਰਧਾਲੂ ਭਾਗ ਲੈਣਗੇ । ਉਨ੍ਹਾਂ ਦੱਸਿਆ ਕਿ ਵਿਦੇਸ਼ੀ ਸ਼ਰਧਾਲੂਆਂ ਦੀ ਕਾਦੀਆਂ ਵਿਖੇ ਆਮਦ ਸ਼ੁਰੂ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਜਮਾਤ  ਵੱਲੋਂ ਆਪਣੇ ਪੱਧਰ ਤੇ ਜੋ ਵੀ ਤਿਆਰੀਆਂ ਕੀਤੀਆਂ ਜਾਣੀਆਂ ਹਨ ਉਹ ਕੀਤੀਆਂ ਜਾ ਰਹੀਆਂ ਹਨ । ਜਨਾਬ ਭੱਟੀ ਨੇ ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਜਲਸੇ ਦੀ ਕਾਮਯਾਬੀ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ । ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਮਦੀਆ ਭਾਈਚਾਰੇ ਨੂੰ ਸਲਾਨਾ ਜਲਸੇ ਦੇ ਪ੍ਰਬੰਧਾਂ ਵਿੱਚ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਲਸੇ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਤੇ ਜਾਣਗੇ । ਅਤੇ ਕਾਦੀਆਂ ਸ਼ਹਿਰ ਦੀ ਸਾਫ-ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇਗਾ ।ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਟਰੈਫਿਕ ਪੁਲਸ ਵੱਲੋਂ ਪਾਰਕਿੰਗ ਆਦਿ ਪ੍ਰਬੰਧ ਕਰਨ ਦੇ ਨਾਲ ਸ਼ਹਿਰ ਵਿੱਚ ਸਾਰੀ ਟਰੈਫਿਕ ਨੂੰ ਰੈਗੂਲੇਟ ਕੀਤਾ ਜਾਵੇਗਾ । ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਜਲਸੇ ਦੌਰਾਨ ਕਾਦੀਆਂ ਸ਼ਹਿਰ ਵਿੱਚ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਨਿਯੁਕਤ ਕੀਤਾ ਜਾਵੇ ਅਤੇ ਕਾਦੀਆਂ ਸਿਵਲ ਹਸਪਤਾਲ ਵਿੱਚ ਐਮਰਜੈੰਸੀ ਸੇਵਾਵਾਂ 24 ਘੰਟੇ ਮੁੱਹਈਆ ਕਰਾਉਣ ਦੇ ਨਾਲ ਸ਼ਹਿਰ ਦੇ ਬਜ਼ਾਰਾਂ ਤੇ ਗਲੀਆਂ ਚ ਬਿਜਲੀ ਦੀਆਂ ਨੰਗੀਆਂ ਤੇ ਢਿੱਲੀਆਂ ਤਾਰਾ ਨੂੰ ਦਰੁਸਤ ਕਰਨ ਦੀ ਹਦਾਇਤ ਵੀ ਦਿੱਤੀ । ਡਿਪਟੀ ਕਮਿਸ਼ਨਰ ਸ. ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਲਾਨਾ ਜਲਸੇ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਜਮਾਤ ਵੱਲੋਂ ਜੋ ਵੀ ਪ੍ਰਬੰਧ ਲੋੜੀਂਦੇ ਹੋਣਗੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ।